ਸਿੱਧੂ ਮੂਸੇਵਾਲਾ ਲਈ ਆਸਟ੍ਰੇਲੀਆ 'ਚ ਪ੍ਰਦਰਸ਼ਨ; ਮੁਜ਼ਾਹਰੇ 'ਚ ਸ਼ਾਮਲ ਹੋਣ ਲਈ ਰੱਖੀ ਗਈ ਖਾਸ ਸ਼ਰਤ
ਚੰਡੀਗੜ੍ਹ, 7 ਨਵੰਬਰ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਲੋਕਾਂ ਦੇ ਦਿੱਲਾਂ 'ਚ ਸਿੱਧੂ ਨਾਲ ਵਾਪਰੇ ਹਾਦਸੇ ਦੀਆਂ ਯਾਦਾਂ ਤਾਜ਼ਾ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਅਜੇ ਤੱਕ ਸਜ਼ਾ ਨਹੀਂ ਹੋ ਪਾਈ ਹੈ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੱਧੂ ਨੇ ਵੀ ਸੂਬਾ ਸਰਕਾਰ ਨੂੰ ਇਨਸਾਫ਼ ਨਾ ਮਿਲਣ 'ਤੇ ਦੇਸ਼ ਛੱਡਣ ਦੀ ਚਿਤਾਵਨੀ ਦੇ ਦਿੱਤੀ ਹੈ। ਇਸ ਸਭ ਨੂੰ ਦੇਖਦੇ ਹੋਏ ਸਾਰੀ ਦੁਨੀਆਂ 'ਚ ਵਸਦੇ ਸਿੱਧੂ ਮੂਸੇਵਾਲਾ ਦੇ ਫੈਨਸ ਕਾਫ਼ੀ ਨਿਰਾਸ਼ ਚੱਲ ਰਹੇ ਹਨ ਅਤੇ ਉਨ੍ਹਾਂ ਦੇ ਦਿੱਲਾਂ 'ਚ ਰੋਸ ਵੀ ਹੈ।
ਦੱਸਣਯੋਗ ਹੈ ਕਿ ਇਸੀ ਕੜੀ ਵਿੱਚ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ 13 ਨਵੰਬਰ ਨੂੰ ਆਸਟ੍ਰੇਲੀਆ 'ਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਵਿੱਚ ਮੂਸੇਵਾਲਾ ਦੇ ਸਮਰਥਕਾਂ ਨੂੰ ਖਾਸ ਸੱਦਾ ਦਿੱਤਾ ਗਿਆ ਹੈ। ਇਸ ਧਰਨੇ ਦੀ ਇੱਕ ਸ਼ਰਤ ਇਹ ਵੀ ਰੱਖੀ ਗਈ ਹੈ ਕਿ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਕਮੀਜ਼ 'ਤੇ 'ਜਸਟਿਸ ਫਾਰ ਸਿੱਧੂ ਮੂਸੇਵਾਲਾ' ਲਿਖਿਆ ਹੋਣਾ ਚਾਹੀਦਾ ਹੈ। ਧਰਨੇ ਪ੍ਰਦਰਸ਼ਨ ਦਾ ਅਜਿਹਾ ਹੀ ਇਕ ਪੋਸਟਰ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਜਾ ਰਿਹਾ ਹੈ। ਜਿਸ 'ਤੇ ਲਿਖਿਆ ਹੈ ਕਿ 13 ਨਵੰਬਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਕ੍ਰਿਕਟ ਗਰਾਊਂਡ 'ਚ ਸ਼ਾਮ 5 ਵਜੇ ਰੋਸ ਮੁਜ਼ਾਹਰਾ ਕਰਨ ਲਈ ਧਰਨਾ ਦਿੱਤਾ ਜਾਵੇਗਾ।
ਰੋਸ ਪ੍ਰਦਰਸ਼ਨ ਸਬੰਧੀ ਜਾਣਕਾਰੀ 61481954772 ਫੋਨ ਨੰਬਰ 'ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇੱਕ ਮਹੱਤਵਪੂਰਨ ਨੋਟ ਹੇਠਾਂ ਲਿਖਿਆ ਗਿਆ ਕਿ ਧਰਨੇ ਦੌਰਾਨ ਹਰ ਕਿਸੇ ਦੀ ਕਮੀਜ਼ 'ਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ।