ਗੁ. ਸੰਤਸਰ ਸਾਹਿਬ ਵਿਖੇ ਸਜੇ 'ਪ੍ਰਗਟਿਓ ਖਾਲਸਾ ਸਮਾਗਮ' ਦੌਰਾਨ 49 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛੱਕ ਗੁਰੂ ਵਾਲੇ ਸਜੇ

By  Jasmeet Singh April 11th 2023 07:16 PM -- Updated: April 11th 2023 10:02 PM

ਚੰਡੀਗੜ੍ਹ: ਸਥਾਨਿਕ ਸ਼ਹਿਰ ਦੇ ਸੈਕਟਰ 38 ਵੈਸਟ ਵਿਚ ਸਥਿਤ ਮਸਤੂਆਣਾ ਸਾਹਿਬ ਦੀ ਸੰਪਰਦਾ ਨਾਲ ਸਬੰਧਿਤ ਗੁ. ਸੰਤਸਰ ਸਾਹਿਬ ਵਿਖੇ ਹਫ਼ਤਾ ਲੰਬਾ '29ਵਾਂ ਪ੍ਰਗਟਿਓ ਖਾਲਸਾ ਸਮਾਗਮ' 3 ਅਪ੍ਰੈਲ ਤੋਂ 9 ਅਪ੍ਰੈਲ ਤੱਕ ਚੜ੍ਹਦੀਕਲਾ 'ਚ ਸੰਪੂਰਨ ਹੋਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਪਵਿੱਤਰ ਅਸਥਾਨ 'ਤੇ ਨਤਮਸਤਕ ਹੋਣ ਪਹੁੰਚੇ।

ਗੁ. ਸੰਤਸਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਰੂਪ ਸਿੰਘ ਜੀ ਅਤੇ ਭਾਈ ਗੁਰਪ੍ਰੀਤ ਸਿੰਘ ਜੀ (ਮਨੀ) ਦੀ ਰਹਿਨੁਮਾਈ ਹੇਠ ਗੁਰਦੁਆਰਾ ਕਮੇਟੀ ਅਤੇ ਸੰਗਤਾਂ ਦੇ ਸਹਯੋਗਗ ਨਾਲ ਸੱਤ ਦਿਨਾਂ ਤੱਕ ਚਲੇ ਇਸ ਸਮਾਗਮ 'ਚ ਜਿੱਥੇ ਵੱਖ ਵੱਖ ਮਹਾਪੁਰਖਾਂ, ਕੀਰਤਨੀਆਂ, ਕਥਾਵਾਚਕਾਂ ਅਤੇ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਵੱਲੋਂ ਸੰਗਤਾਂ ਨੂੰ ਸਿੱਖੀ ਦਾ ਉਪਦੇਸ਼ ਦੇ ਗੁਰੂ ਚਰਨਾਂ 'ਚ ਜੋੜਿਆ ਗਿਆ। ਉੱਥੇ ਹੀ ਨੌਜਵਾਨ ਪੀੜੀ ਨੂੰ ਵੀ ਸਿੱਖ ਸਿਧਾਂਤਾਂ ਨਾਲ ਜੋੜਨ ਲਈ ਅੰਮ੍ਰਿਤ ਸੰਚਾਰ, ਖੂਨ ਦਾਨ ਕੈਂਪ, ਦਸਤਾਰਬੰਧੀ ਮੁਕਾਬਲੇ ਅਤੇ ਗਤਕਾ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ। 


ਇਸ ਮੌਕੇ ਸੰਤ ਬਾਬਾ ਸਰੂਪ ਸਿੰਘ ਜੀ ਦਾ ਕਹਿਣਾ ਸੀ ਕਿ ਇਨ੍ਹਾਂ ਲੰਬਾ ਸਮਾਗਮ ਕਰਵਾਉਣਾ ਉਨ੍ਹਾਂ ਦੀ ਸਮਰਥਾ ਤੋਂ ਬਾਹਰ ਸੀ ਅਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਕਿ ਸੱਤ ਦਿਨ ਲੰਮਾ ਸਮਾਗਮ ਇਨ੍ਹੀ ਚੜ੍ਹਦੀਕਲਾ ਨਾਲ ਸੰਪੂਰਨ ਹੋਇਆ। ਉਨ੍ਹਾਂ ਕਿਹਾ ਕਿ ਜਿੱਥੇ ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਗੁਰੂ ਚਰਨਾਂ 'ਚ ਹਾਜ਼ਰੀ ਭਰੀ ਉੱਥੇ ਹੀ ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਗੁਰਦੁਆਰਾ ਦੀ ਸੰਸਥਾਨ ਨੂੰ ਬਹੁ-ਮੰਜ਼ਿਲਾ ਸਰਾਂ ਉਸਾਰੀ ਦੀ ਵੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਆਏ ਸਾਲ ਵੱਖ ਵੱਖ ਮਹੀਨਿਆਂ 'ਤੇ ਇਸ ਪਾਵਨ ਅਸਥਾਨ 'ਤੇ ਵੱਡੇ ਪੱਧਰ 'ਤੇ ਸਮਾਗਮ ਕਰਵਾਏ ਜਾਂਦੇ ਨੇ, ਪਰ ਸਰਾਂ ਉਸਾਰੀ ਦੀ ਇਜਾਜ਼ਤ ਨਾ ਮਿਲਣ ਤੇ ਸੀਮਤ ਕਮਰੇ ਹੋਣ ਕਰਕੇ ਸੰਗਤਾਂ ਨੂੰ ਰਿਹਾਇਸ਼ ਦੇ ਮਾਮਲੇ 'ਚ ਸਮਝੌਤਾ ਕਰਨਾ ਪੈਂਦਾ ਤੇ ਗੁਰਦੁਆਰਾ ਸਾਹਿਬ ਦੇ ਮੁਖ ਹਾਲ ਵਿਖੇ ਰਿਹਾਇਸ਼ ਕਰਨੀ ਪੈਂਦੀ ਹੈ, ਪਰ ਫਿਰ ਵੀ ਕਿਸੀ ਸੰਗਤ ਨੇ ਕਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ।

ਇਸ ਦਰਮਿਆਨ ਉਨ੍ਹਾਂ ਇਹ ਵੀ ਦੱਸਿਆ ਕਿ ਸੱਤ ਦਿਨਾਂ ਤੱਕ ਚਲੇ ਇਸ ਸਮਾਗਮ 'ਚ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਦਿਨ ਰਾਤ ਲੰਗਰ ਦਾ ਆਨੰਦ ਵੀ ਮਾਣਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਅਤੇ ਸ਼ਰਧਾਲੂਆਂ ਲਈ ਇਸ ਅਸਥਾਨ 'ਤੇ 24 ਘੰਟੇ ਲੰਗਰ ਦਾ ਪ੍ਰਬੰਧ ਅਤੇ ਰਿਹਾਇਸ਼ ਦੀ ਮੁਫ਼ਤ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।


ਭਾਈ ਗੁਰਪ੍ਰੀਤ ਸਿੰਘ ਜੀ (ਮਨੀ) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੰਗਤਾਂ ਦਾ ਗੁ. ਸੰਤਸਰ ਸਾਹਿਬ ਅਤੇ ਮਹਾਪੁਰਖ ਬਾਬਾ ਸਰੂਪ ਸਿੰਘ ਜੀ ਨਾਲ ਪ੍ਰੇਮ ਹੈ ਜੋ ਆਏ ਸਾਲ ਵੱਡੀ ਗਿਣਤੀ 'ਚ ਸੰਤਸਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚ ਆਪਣੇ ਦਰਸ਼ਨਾਂ ਨਾਲ ਗੁਰਦੁਆਰੇ ਦੇ ਸੇਵਾਦਾਰਾਂ ਨੂੰ ਨਿਹਾਲ ਕਰਦੇ ਨੇ ਤੇ ਸੇਵਾ ਦਾ ਮੌਕਾ ਬਖ਼ਸ਼ੇ ਹਨ। ਉਨ੍ਹਾਂ 29ਵੇਂ ਪ੍ਰਗਟਿਓ ਖਾਲਸਾ ਸਮਾਗਮ ਵਿੱਚ ਪਹੁੰਚੇ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਗਿਆਨੀ ਜਗਤਾਰ ਸਿੰਘ (ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ), ਭਾਈ ਲਖਵਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਗਿਆਨੀ ਸਾਹਿਬ ਸਿੰਘ (ਮਾਰਕੰਡੇ ਵਾਲੇ), ਗਿਆਨੀ ਜੀਵਾ ਸਿੰਘ (ਦਮਦਮੀ ਟਕਸਾਲ), ਭਾਈ ਅਮਨਦੀਪ ਸਿੰਘ (ਮਾਤਾ ਕੌਲਾਂ ਵਾਲੇ), ਗਿਆਨੀ ਵਿਸ਼ਾਲ ਸਿੰਘ (ਸ੍ਰੀ ਅੰਮ੍ਰਿਤਸਰ ਸਾਹਿਬ), ਬਾਬਾ ਬਲਜੀਤ ਸਿੰਘ ਫੱਕਰ (ਸੰਗਰੂਰ ਵਾਲੇ), ਸੰਤ ਬਾਬਾ ਕੁਲਜੀਤ ਸਿੰਘ (ਸ਼ੀਸ਼ ਮਹਿਲ ਵਾਲੇ), ਸੰਤ ਬਾਬਾ ਰਣਜੀਤ ਸਿੰਘ (ਹੁਸ਼ਿਆਰਪੁਰ ਵਾਲੇ), ਬਾਬਾ ਬਲਜੀਤ ਸਿੰਘ (ਦਾਦੂਵਾਲ ਵਾਲੇ) ਅਤੇ ਹੋਰਨਾਂ ਕਈ ਮਹਾਪੁਰਖਾਂ, ਕਥਾਵਾਚਕਾਂ ਅਤੇ ਕੀਰਤਨੀਆਂ ਦਾ ਤਹਿ-ਢਿੱਲੋਂ ਧੰਨਵਾਦ ਕੀਤਾ।



ਇਸਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ 'ਮਾਤਾ ਗੁਜਰ ਕੌਰ ਜੀ ਦਲ' ਵੱਲੋਂ ਚੰਡੀਗੜ੍ਹ ਦੀਆਂ ਵੱਖ ਵੱਖ ਸੁਖਮਨੀ ਸਾਹਿਬ ਸੇਵਾ ਸੋਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਬੇਅੰਤ ਜਾਪ ਕਰਵਾਏ ਗਏ ਜਿਥੇ 35 ਤੋਂ ਵੱਧ ਸੁਸਾਇਟੀਆਂ ਨੇ ਆਪਣਾ ਯੋਗਦਾਨ ਨਾਲ ਸੰਗਤਾਂ ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਨਾਲ ਜੋੜਿਆ। ਜਿਸਦੇ ਮੁਖੀ ਬੀਬੀ ਪਰਮਜੀਤ ਕੌਰ ਵੱਲੋਂ ਸਾਰੀਆਂ ਸੁਸਾਇਟੀਆਂ ਦਾ ਹਿਰਦੇ ਦੀ ਡੂੰਘਾਈ ਤੋਂ ਸ਼ੁਕਰਾਨਾ ਕੀਤਾ ਅਤੇ ਗੁਰੂ ਚਰਨਾਂ ਦੀ ਮਹਾਨ ਬਖ਼ਸ਼ਿਸ਼ ਸਿਰੋਪਾਓ ਭੇਂਟ ਕਰ ਸਨਮਾਨਿਤ ਵੀ ਕੀਤਾ ਗਿਆ।


ਗੁਰਦੁਆਰਾ ਕਮੇਟੀ ਦੇ ਜਰਨਲ ਸਕੱਤਰ ਗੁਰਨਾਮ ਸਿੰਘ ਨੇ ਵੀ ਦੱਸਿਆ ਕਿ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਸਥਿਤ ਮਾਤਾ ਕੁਲਬੀਰ ਕੌਰ ਚੈਰੀਟੇਬਲ ਹਸਪਤਾਲ ਵਿੱਚ ਚਲ ਰਹੀਆਂ ਸੇਵਾਵਾਂ ਦਾ ਵੀ ਲਾਭ ਲਿਆ। ਜਿੱਥੇ ਚੈਰੀਟੇਬਲ ਰੇਟਾਂ 'ਤੇ ਐਲੋਪੈਥੀ ਦਵਾਈਆਂ, ਹੋਮਿਓਪੈਥੀ ਦਵਾਈਆਂ, ਦੰਦਾਂ ਦਾ ਹਸਪਤਾਲ, ਫੀਸੀਓਥੈਰੇਪੀ ਦੀਆਂ ਸੇਵਾਵਾਂ, ਡਾਇਲੇਸਿਸ ਦੀਆਂ ਸੇਵਾਵਾਂ, ਅਤੇ ਹੋਰ ਮੈਡੀਕਲ ਸਹਾਇਤਾ ਦੇ ਕਾਰਜ ਵੀ ਚਲਾਏ ਜਾ ਰਹੇ ਹਨ। 

ਇਸ ਮੌਕੇ ਜਿੱਥੇ 49 ਪ੍ਰਾਣੀ ਗੁਰ ਉਪਦੇਸ਼ ਨਾਲ ਜੁੜ ਪੰਜ ਪਿਆਰਿਆਂ ਦੀ ਅਗਵਾਈ 'ਚ ਖੰਡੇ ਬਾਟੇ ਦੀ ਪਾਹੁਲ ਲੈ ਗੁਰੂ ਵਾਲੇ ਸਜੇ, ਉੱਥੇ ਹੀ 46 ਪ੍ਰਾਣੀਆਂ ਨੇ ਖੂਨ ਦਾਨ ਕਰ ਇਸ ਮਹਾਨ ਦਾਨ ਦੀ ਪ੍ਰਥਾ ਵਾਰੇ ਜਾਗਰੂਕਤਾ ਫੈਲਾਈ। ਦਸਤਾਰਬੰਧੀ ਮੁਕਾਬਲਿਆਂ ਵਿੱਚ ਵੀ 5 ਸਾਲ ਤੋਂ ਲੈਕੇ 18 ਸਾਲ ਤੱਕ ਦੇ ਸਿੱਖ ਬੱਚਿਆਂ ਅਤੇ ਨੌਜਵਾਨਾਂ ਨੇ ਦਸਤਾਰ ਅਤੇ ਦੁਮਾਲੇ ਸਜਾ ਹਰੇਕ ਨੂੰ ਗੁਰੂ ਦੇ ਤਾਜ ਨੂੰ ਸਤਿਕਾਰ ਸਹਿਤ ਅਪਨਾਉਣ ਦੀ ਪੇਸ਼ਕਸ਼ ਕੀਤੀ। ਸਮਾਗਮ ਦੇ ਅੰਤ 'ਚ ਨੌਜਵਾਨਾਂ ਵੱਲੋਂ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤੀ ਗਿਆ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਗੁਰਮਤਿ ਸਮਾਗਮ

'ਖਾਲਸਾ ਸਾਜਨਾ ਦਿਵਸ' ਸਮਾਗਮਾਂ ਨੂੰ ਲੈਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਿਆਰੀਆਂ ਨੂੰ ਦਿੱਤੀ ਜਾ ਰਹੀਆਂ ਅੰਤਿਮ ਛੋਹਾਂ

Related Post