ਵਿਵਾਦਤ ਫਿਲਮ 'ਮਸੰਦ' ਦੇ ਨਿਰਮਾਤਾਵਾਂ ਨੇ ਜਿੱਤਿਆ ਮੁਕੱਦਮਾ, ਸ਼ੁਕਰਵਾਰ ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ, 17 ਨਵੰਬਰ: ਪੰਜਾਬੀ ਫਿਲਮ 'ਮਸੰਦ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ ਫੈਸਲਾ ਸੁਣਾਉਂਦਿਆਂ ਕੋਰਟ ਨੇ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕੁੱਝ ਨਿਹੰਗਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਇਸ ਫਿਲਮ ਰਾਹੀਂ ਨਿਹੰਗਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ। ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਫਿਲਮ ਨਿਰਮਾਤਾਵਾਂ ਦੇ ਹੱਕ 'ਚ ਫੈਸਲਾ ਸੁਣਾਇਆ ਹੈ।
ਦਰਅਸਲ ਮਰਹੂਮ ਨਿਹੰਗ ਅਜੀਤ ਸਿੰਘ ਫੂਲਾ ਦੇ ਜੱਥੇ ਨੇ ਇਸ ਫਿਲਮ ਦਾ ਵਿਰੋਧ ਕਰਦਿਆਂ ਇਲਜ਼ਾਮ ਲਾਇਆ ਸੀ ਕਿ ਫਿਲਮ 'ਚ ਦਿਖਾਇਆ ਗਿਆ ਕਿਰਦਾਰ ਅਜੀਤ ਸਿੰਘ ਫੂਲਾ ਦਾ ਸੀ ਜਦ ਕਿ ਨਿਰਮਾਤਾ ਦਾ ਕਹਿਣਾ ਹੈ ਕਿ ਅਜਿਹਾ ਕੁੱਝ ਨਹੀਂ ਹੈ। ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਨਿਹੰਗ ਰਣਜੀਤ ਸਿੰਘ ਫੂਲਾ ਨੇ ਐਡਵੋਕੇਟ ਗੌਰਵ ਭਾਈਆ ਰਾਹੀਂ ਹਾਈਕੋਰਟ ਨੂੰ ਦੱਸਿਆ ਸੀ ਕਿ ਅਜੀਤ ਸਿੰਘ ਫੂਲਾ ਦਾ 28 ਅਗਸਤ 2008 ਨੂੰ ਅੰਮ੍ਰਿਤਸਰ ਜੇਲ੍ਹ 'ਚ ਅੱਗ ਲਗਾ ਕੇ ਕਤਲ ਕਰ ਦਿੱਤਾ ਗਿਆ ਸੀ।
ਹਾਲਹੀ 'ਚ ਪਟੀਸ਼ਨਕਰਤਾ ਨੇ ਇਸ ਫਿਲਮ ਦਾ ਟ੍ਰੇਲਰ ਯੂ-ਟਿਊਬ 'ਤੇ ਦੇਖਿਆ ਤਾਂ ਪਤਾ ਲੱਗਾ ਕਿ ਇਸ ਫਿਲਮ 'ਚ ਅਜੀਤ ਸਿੰਘ ਫੂਲਾ ਦੇ ਕਤਲ ਦੀ ਪੂਰੀ ਘਟਨਾ ਨੂੰ ਦਿਖਾਇਆ ਗਿਆ ਹੈ। ਪਟੀਸ਼ਨਕਰਤਾ ਅਤੇ ਹੋਰਾਂ ਮੁਤਾਬਕ ਫਿਲਮ ਵਿੱਚ ਫੂਲਾ ਤੇ ਹੋਰਾਂ ਨੂੰ ਖਲਨਾਇਕ ਵਜੋਂ ਦਿਖਾਇਆ ਗਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਫਿਲਮ ਵਿੱਚ ਨਿਹੰਗਾਂ ਦੇ ਪਹਿਰਾਵੇ ਅਤੇ ਰੀਤੀ-ਰਿਵਾਜਾਂ ਨੂੰ ਵੀ ਸਹੀ ਢੰਗ ਨਾਲ ਨਹੀਂ ਦਿਖਾਇਆ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਇਸ ਫਿਲਮ 'ਤੇ ਹੋਰ ਵੀ ਕਈ ਇਤਰਾਜ਼ ਪ੍ਰਗਟਾਏ ਤੇ ਫਿਲਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਅੱਜ 'ਮਸੰਦ' ਫਿਲਮ ਦੇ ਨਿਰਮਾਤਾਵਾਂ ਦੇ ਹੱਕ 'ਚ ਆਪਣਾ ਫੈਸਲਾ ਸੁਣਿਆ ਜਿਸ ਤੋਂ ਬਾਅਦ ਹੁਣ ਇਹ ਫਿਲਮ ਸ਼ੁਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨਾ ਵਿਗਾੜੇ ਇਸ ਲਈ ਕੋਰਟ ਵੱਲੋਂ ਏਡੀਜੀਪੀ ਕਾਨੂੰਨ ਵਿਵਸਥਾ ਨੂੰ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
- ਰਿਪੋਰਟਰ ਨੇਹਾ ਸ਼ਰਮਾ ਦੇ ਸਹਿਯੋਗ ਨਾਲ