ਰੋਪੜ ਜੇਲ੍ਹ ’ਚ ਹੋਈ ਕੈਦੀ ਦੀ ਮੌਤ ਦਾ ਮਾਮਲਾ ਪਹੁੰਚਿਆ ਹਾਈਕੋਰਟ, ਸੀਬੀਆਈ ਜਾਂਚ ਦੀ ਮੰਗ, ਸਾਬਕਾ ਕੈਦੀ ਨੇ ਕੀਤੇ ਵੱਡੇ ਖੁਲਾਸੇ
ਰੋਪੜ ਜੇਲ੍ਹ ਵਿੱਚ ਬੰਦ ਕੈਦੀ ਚਰਨਪ੍ਰੀਤ ਸਿੰਘ ਚੰਨੀ ਦੀ ਮੌਤ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ। ਪੀੜਤ ਪਰਿਵਾਰ ਨੇ ਮਾਮਲੇ ਸਬੰਧੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਇਸਦਾ ਜਵਾਬ ਮੰਗਿਆ ਹੈ।
Prisoner Death Ropar Jail Case : ਰੋਪੜ ਜੇਲ੍ਹ ਵਿੱਚ ਬੰਦ ਕੈਦੀ ਚਰਨਪ੍ਰੀਤ ਸਿੰਘ ਚੰਨੀ ਦੀ ਪਿਛਲੇ ਮਹੀਨੇ 24 ਜੁਲਾਈ ਨੂੰ ਮੌਤ ਹੋ ਗਈ ਸੀ। ਦੱਸ ਦਈਏ ਕਿ ਕੈਦੀ ਚਰਨਪ੍ਰੀਤ ਸਿੰਘ ਚੰਨੀ ਐਨਡੀਪੀਐਸ ਕੇਸ ਤਹਿਤ ਜੇਲ੍ਹ ਵਿੱਚ ਬੰਦ ਸੀ।
ਮਾਮਲੇ ਵਿੱਚ ਖੁਲਾਸਾ ਹੋਣ ’ਤੇ ਹਾਈਕੋਰਟ ਪਹੁੰਚੀ ਸੀ ਮ੍ਰਿਤਕ ਦੀ ਪਤਨੀ
ਮਾਮਲੇ ਸਬੰਧੀ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਇੱਕ ਦਿਨ ਪਹਿਲਾਂ ਹੀ ਰਿਹਾਅ ਹੋਈ ਚਰਨਪ੍ਰੀਤ ਦੇ ਨਾਲ ਬੰਦ ਇੱਕ ਹੋਰ ਕੈਦੀ ਨੇ ਮ੍ਰਿਤਕ ਦੀ ਪਤਨੀ ਨੂੰ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਉਸੇ ਦਿਨ ਚਰਨਪ੍ਰੀਤ ਨਾਲ ਬੰਦ ਤਿੰਨ ਕੈਦੀਆਂ ਦੀ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਚਰਨਪ੍ਰੀਤ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਸਾਰਾ ਮਾਮਲਾ ਪੁਲਿਸ ਅਤੇ ਮ੍ਰਿਤਕ ਦੀ ਪੁਰਾਣੀ ਰੰਜਿਸ਼ ਦਾ ਹੈ।
ਹਾਈਕੋਰਟ ਵਿੱਚ ਦਾਈਰ ਪਟੀਸ਼ਨ ਵਿੱਚ ਮ੍ਰਿਤਕ ਦੀ ਪਤਨੀ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਪਿਛਲੇ ਸਮੇਂ ਵਿੱਚ ਉਸਦੇ ਪਤੀ ਨੂੰ ਤੰਗ ਪਰੇਸ਼ਾਨ ਕਰਦੀ ਰਹੀ ਹੈ ਅਤੇ ਉਸਦੇ ਖਿਲਾਫ ਝੂਠੇ ਮੁਕੱਦਮੇ ਦਰਜ ਕਰ ਰਹੀ ਸੀ, ਹੁਣ ਪੁਲਿਸ ਇਸ ਮਾਮਲੇ ਨੂੰ ਰਫਾ-ਦਫਾ ਕਰਨਾ ਚਾਹੁੰਦੀ ਹੈ, ਇਸ ਲਈ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਕਰਨੀ ਚਾਹੀਦੀ ਹੈ।
ਹਾਈਕੋਰਟ ਨੇ ਮੰਗਿਆ ਜਵਾਬ
ਹਾਈ ਕੋਰਟ ਨੇ ਹੁਣ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਸੀਬੀਆਈ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।
ਸਾਬਕਾ ਕੈਦੀ ਨੇ ਕੀਤੇ ਵੱਡੇ ਖੁਲਾਸੇ
ਰੋਪੜ ਜੇਲ੍ਹ ਵਿੱਚ 14 ਮਹੀਨੇ ਤੱਕ ਮ੍ਰਿਤਕ ਚਰਨਪ੍ਰੀਤ ਸਿੰਘ ਦੇ ਨਾਲ ਰਹੇ ਅਵਿਨਾਸ਼ ਸਿੰਘ ਨੇ ਰੋਪੜ ਜੇਲ੍ਹ ਬਾਰੇ ਕਈ ਖੁਲਾਸੇ ਕੀਤੇ ਹਨ।
ਅਵਿਨਾਸ਼ ਨੇ ਦੱਸਿਆ ਕਿ ਜੇਲ੍ਹ ਵਿੱਚ ਮੋਬਾਈਲ ਫ਼ੋਨ 25000 ਤੋਂ 50000 ਰੁਪਏ ਵਿੱਚ ਮਿਲਦਾ ਹੈ, ਇੱਕ ਜਰਦੇ ਦੀ ਪੁਰੀ ਜੋ ਬਾਹਰ ਸਿਰਫ਼ 20 ਰੁਪਏ ਵਿੱਚ ਮਿਲਦੀ ਹੈ, ਜੇਲ੍ਹ ਵਿੱਚ 5000 ਰੁਪਏ ਵਿੱਚ ਮਿਲਦੀ ਹੈ, ਇੱਕ ਸਿਗਰਟ ਦਾ ਪੈਕੇਟ ਜੋ ਬਾਹਰ ਸਿਰਫ਼ 100 ਰੁਪਏ ਵਿੱਚ ਮਿਲਦਾ ਹੈ। ਜੇਲ੍ਹ ਵਿੱਚ 5000 ਰੁਪਏ ਵਿੱਚ ਵੇਚਿਆ ਜਾਂਦਾ ਹੈ।
ਉਸ ਨੇ ਦੱਸਿਆ ਕਿ ਜੇਲ੍ਹ ਵਿੱਚ 200 ਰੁਪਏ ਦਾ ਇੱਕ ਪ੍ਰੀਗਾਸਿਪ ਪੱਤਾ 3000 ਰੁਪਏ ਵਿੱਚ ਵੇਚਿਆ ਜਾਂਦਾ ਹੈ। ਜੇਲ੍ਹ ਵਿੱਚ ਉਪਲਬਧ ਹਰ ਚੀਜ਼ ਲਈ ਇੱਕ ਰੇਟ ਕਾਰਡ ਹੁੰਦਾ ਹੈ, ਅਤੇ ਇਸਦਾ ਭੁਗਤਾਨ ਗੂਗਲ ਪੇ ਦੁਆਰਾ ਕੀਤਾ ਜਾਂਦਾ ਹੈ। ਅਵਿਨਾਸ਼ ਨੇ ਇਹ ਵੀ ਦੱਸਿਆ ਕਿ ਜੇਲ੍ਹ ਸਟਾਫ਼ ਖ਼ੁਦ ਇਸ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਹੈ, ਸਗੋਂ ਉਹ ਜੇਲ੍ਹ ਦੇ ਕੁਝ ਕੈਦੀਆਂ ਨਾਲ ਮਿਲ ਕੇ ਇਹ ਕੰਮ ਕਰਦੇ ਹਨ।
ਇੰਨੇ ਖੁਲਾਸੇ ਕਰਨ ਤੋਂ ਬਾਅਦ ਅਵਿਨਾਸ਼ ਨੂੰ ਡਰ ਹੈ ਕਿ ਉਸ ਨੂੰ ਕਿਸੇ ਹੋਰ ਕੇਸ ਵਿੱਚ ਫਸਾਇਆ ਜਾ ਸਕਦਾ ਹੈ ਅਤੇ ਇਹ ਵੀ ਕਿਹਾ ਹੈ ਕਿ ਜੇਕਰ ਉਸ ਨੂੰ ਕੁਝ ਹੋਇਆ ਤਾਂ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਜ਼ਿੰਮੇਵਾਰ ਹੋਵੇਗੀ।
ਇਹ ਵੀ ਪੜ੍ਹੋ : Independence Day : ਭਾਰਤ ਦੇ ਇਸ ਖੇਤਰ ’ਚ 16 ਅਗਸਤ ਨੂੰ ਮਨਾਇਆ ਜਾਂਦਾ ਹੈ ਆਜ਼ਾਦੀ ਦਿਵਸ, ਜਾਣੋ ਕਾਰਨ