ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਪ੍ਰਿੰਸ ਟਰੈਵਲਜ਼ ਦੀ ਬੱਸ ਖੱਡ 'ਚ ਡਿੱਗੀ; ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ
ਸ਼੍ਰੀਨਗਰ: ਜੰਮੂ-ਕਸ਼ਮੀਰ 'ਚ ਮੰਗਲਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਕਈ ਸਵਾਰੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਈਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੁਣ ਤੱਕ 10 ਮੌਤਾਂ ਹੋ ਚੁੱਕੀਆਂ ਹਨ। ਇਹ ਘਟਨਾ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਉਸ ਸਮੇਂ ਵਾਪਰੀ ਜਦੋਂ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗ ਗਈ।
ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਡਰਾਈਵਰ ਦੀ ਨੀਂਦ ਜਾਂ ਬੱਸ ਦੀ ਤੇਜ਼ ਰਫਤਾਰ ਕਾਰਨ ਬੱਸ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗੀ। ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ।
ਇਸ ਤੋਂ ਪਿਹਲਾਂ ਜੰਮੂ ਦੇ ਐਸਐਸਪੀ ਚੰਦਨ ਕੋਹਲੀ ਨੇ ਕਿਹਾ ਸੀ ਕਿ ਬੱਸ ਅੰਮ੍ਰਿਤਸਰ ਤੋਂ ਕਟੜਾ ਤੋਂ ਮਾਤਾ ਵੈਸ਼ਨੋ ਦੇਵੀ ਵੱਲ ਜਾ ਰਹੀ ਸੀ ਅਤੇ ਝੱਜਰ ਕੋਟਲੀ ਪੁਲ ਤੋਂ ਹੇਠਾਂ ਪਲਟ ਗਈ। ਕਰੀਬ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਬਾਕੀ ਸਾਰੀਆਂ ਟੀਮਾਂ- ਅਰਧ ਸੈਨਿਕ ਦਲ ਅਤੇ ਐੱਸ.ਡੀ.ਆਰ.ਐੱਫ. - ਪੁਲਿਸ ਦੀ ਮਦਦ ਕਰ ਰਹੇ ਹਨ। ਸਥਾਨਕ ਲੋਕ ਵੀ ਮਦਦ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ।
ਪੁਲਿਸ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਜੀਐੱਮਸੀ ਜੰਮੂ ਲਿਆਂਦਾ ਗਿਆ ਹੈ। 12 ਹੋਰਾਂ ਨੂੰ ਸਥਾਨਕ ਜਨ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕਿਵੇਂ ਵਾਪਰੀ, ਇਸ ਦੀ ਜਾਣਕਾਰੀ ਅਜੇ ਨਹੀਂ ਮਿਲੀ ਹੈ। ਫਿਲਹਾਲ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੋਸ਼ ਵਿਚ ਆਏ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੱਸ ਚਿੱਟੇ ਅਤੇ ਗੁਲਾਬੀ ਰੰਗ ਦੀ ਸੀ ਜਿਸ 'ਤੇ ਪ੍ਰਿੰਸ ਟਰੈਵਲਜ਼ ਲਿਖਿਆ ਹੋਇਆ ਸੀ।
ਬਚਾਅ ਕਾਰਜ ਵਿੱਚ ਲੱਗੇ ਸੀਆਰਪੀਐਫ ਅਧਿਕਾਰੀ ਅਸ਼ੋਕ ਚੌਧਰੀ ਨੇ ਕਿਹਾ "ਸਵੇਰੇ ਜਿਵੇਂ ਹੀ ਸਾਨੂੰ ਹਾਦਸੇ ਦੀ ਸੂਚਨਾ ਮਿਲੀ। ਤੁਰੰਤ ਸਾਡੀ ਟੀਮ ਇੱਥੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਟੀਮ ਵੀ ਸਾਡੇ ਨਾਲ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਬਿਹਾਰ ਦੇ ਲੋਕ ਸਵਾਰ ਸਨ ਜੋ ਕਟੜਾ ਜਾ ਰਹੇ ਸਨ।"
ਪਿਛਲੇ ਹਫਤੇ ਦੱਖਣੀ ਕਸ਼ਮੀਰ ਦੇ ਬਾਰਸੂ ਅਵੰਤੀਪੋਰਾ ਵਿਖੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਇਕ ਯਾਤਰੀ ਬੱਸ ਪਲਟ ਗਈ ਸੀ। ਇਸ ਹਾਦਸੇ ਵਿੱਚ ਪੰਜ ਲੋਕ ਜ਼ਖ਼ਮੀ ਹੋ ਗਏ। ਇਹ ਸੈਲਾਨੀ ਕੋਲਕਾਤਾ ਦੇ ਰਹਿਣ ਵਾਲੇ ਸਨ।
ਹੋਰ ਖ਼ਬਰ ਪੜ੍ਹੋ:
- ਮੂਸੇਵਾਲਾ ਕਤਲ ਕੇਸ ਦੇ ਉਹ 4 ਮੁਲਜ਼ਮ; ਜਿਨ੍ਹਾਂ ‘ਚੋਂ 2 ਦਾ ਐਨਕਾਉਂਟਰ ਤੇ 2 ਦਾ ਕਤਲ ਹੋਇਆ
- ਆਪਣੀ ਮੌਤ ਤੋਂ ਬਾਅਦ ਵੀ ਕਿੰਨੇ ਪੈਸੇ ਕਮਾ ਰਿਹਾ ਮੂਸੇਵਾਲਾ? ਜਾਣੋ YouTube ਨਾਲ ਕਰੋੜਾਂ ਦੀ ਡੀਲ