Pradhan Mantri Awas Yojana 2.0 : ਪੰਜਾਬ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ’ਚ ਦੇਵੇਗੀ 1 ਲੱਖ ਰੁਪਏ, ਇਸ ਵਾਰ ਇੰਨ੍ਹੇ ਬਣਾਏ ਜਾਣਗੇ ਮਕਾਨ
ਸਥਾਨਕ ਸਰਕਾਰਾਂ ਵਿਭਾਗ ਤੋਂ ਹਰੀ ਝੰਡੀ ਮਿਲਣ ਨਾਲ ਸੂਬਾ ਸਰਕਾਰ ਇਸ ਮਹੀਨੇ ਕੇਂਦਰ ਨਾਲ ਐਮ.ਓ.ਯੂ. ਦਸਤਖਤ ਕਰੇਗੀ। ਇਸ ਤੋਂ ਬਾਅਦ ਅਰਜ਼ੀਆਂ ਲਈ ਪੋਰਟਲ ਖੋਲ੍ਹਿਆ ਜਾਵੇਗਾ।
Pradhan Mantri Awas Yojana 2.0 : ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਜਲਦੀ ਹੀ ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ। ਵਿੱਤ ਵਿਭਾਗ ਨੇ ਇਸ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਥਾਨਕ ਸਰਕਾਰਾਂ ਵਿਭਾਗ ਤੋਂ ਹਰੀ ਝੰਡੀ ਮਿਲਣ ਨਾਲ ਸੂਬਾ ਸਰਕਾਰ ਇਸ ਮਹੀਨੇ ਕੇਂਦਰ ਨਾਲ ਐਮ.ਓ.ਯੂ. ਦਸਤਖਤ ਕਰੇਗੀ। ਇਸ ਤੋਂ ਬਾਅਦ ਅਰਜ਼ੀਆਂ ਲਈ ਪੋਰਟਲ ਖੋਲ੍ਹਿਆ ਜਾਵੇਗਾ। ਇਸ ਵਾਰ ਸੂਬਾ ਸਰਕਾਰ ਨੇ 2.5 ਲੱਖ ਤੋਂ ਵੱਧ ਘਰ ਬਣਾਉਣ ਦਾ ਟੀਚਾ ਰੱਖਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਰਾਸ਼ੀ ’ਚ ਆਪਣਾ ਹਿੱਸਾ ਵੀ ਵਧਾ ਦਿੱਤਾ ਹੈ।
ਜਾਣੋ ਸਕੀਮ ਬਾਰੇ ਸਭ ਕੁਝ
ਦਰਅਸਲ ਸਕੀਮ ਤਹਿਤ ਲਾਭਪਾਤਰੀ ਨੂੰ 2 ਕਮਰੇ, ਇੱਕ ਬਾਥਰੂਮ ਅਤੇ ਇੱਕ ਰਸੋਈ ਬਣਾਉਣ ਲਈ ਪੈਸੇ ਦਿੱਤੇ ਜਾਂਦੇ ਹਨ। ਇਸ ਰਾਸ਼ੀ ਵਿੱਚ ਵੀ ਸੂਬਾ ਸਰਕਾਰ ਨੇ ਆਪਣਾ ਹਿੱਸਾ 25 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਹੈ। ਕੇਂਦਰ ਸਰਕਾਰ ਪਹਿਲਾਂ ਵਾਂਗ 1.5 ਲੱਖ ਰੁਪਏ ਦੇਵੇਗੀ।
ਹੁਣ ਲਾਭਪਾਤਰੀ ਨੂੰ 2.5 ਲੱਖ ਰੁਪਏ ਮਿਲਣਗੇ। ਸਕੀਮ ਤਹਿਤ ਲਾਭਪਾਤਰੀ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਕੋਲ 45 ਵਰਗ ਗਜ਼ ਜ਼ਮੀਨ ਵੀ ਹੋਣੀ ਚਾਹੀਦੀ ਹੈ। ਫੰਡ ਉਨ੍ਹਾਂ ਲੋਕਾਂ ਨੂੰ ਵੀ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਕਿਸੇ ਕੇਂਦਰੀ ਜਾਂ ਰਾਜ ਯੋਜਨਾ ਦਾ ਲਾਭ ਨਹੀਂ ਲਿਆ ਹੈ।
ਪ੍ਰਧਾਨ ਮੰਤਰੀ ਆਵਾਸ ਯੋਜਨਾ-1 ਤਹਿਤ ਕੀਤੇ ਗਏ ਕੰਮ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-1 ਤਹਿਤ 1.32 ਲੱਖ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। 11 ਨਵੰਬਰ ਤੱਕ 89,788 ਘਰਾਂ ਦਾ ਕੰਮ ਪੂਰਾ ਹੋ ਚੁੱਕਾ ਹੈ। ਲਾਭਪਾਤਰੀਆਂ ਨੂੰ ਇਨ੍ਹਾਂ ਮਕਾਨਾਂ ਦਾ ਕਬਜ਼ਾ ਵੀ ਦੇ ਦਿੱਤਾ ਗਿਆ ਹੈ। ਕੇਂਦਰ ਵੱਲੋਂ ਇਸ ਲਈ 2,342 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 1,885 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਨੇ ਆਪਣਾ ਹਿੱਸਾ ਵੱਖਰਾ ਦਿੱਤਾ ਹੈ।
ਸਾਲ 2015 ਵਿੱਚ ਜਾਰੀ ਕੀਤੀ ਗਈ ਸੀ ਇਹ ਸਕੀਮ
ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਨੇ ਪੰਜਾਬ ਵਿੱਚ ਕੱਚੇ ਘਰਾਂ ਵਿੱਚ ਰਹਿ ਰਹੇ ਗਰੀਬ ਲੋਕਾਂ ਨੂੰ ਪੱਕੇ ਮਕਾਨ ਦੇਣ ਲਈ ਸਾਲ 2015 ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਾਰੀ ਕੀਤੀ ਸੀ। ਪਿਛਲੀ ਸਕੀਮ ਦਾ ਪੋਰਟਲ ਬੰਦ ਹੋਣ ਤੋਂ ਬਾਅਦ ਲੋਕ ਇਸ ਸਕੀਮ ਲਈ ਅਪਲਾਈ ਨਹੀਂ ਕਰ ਸਕੇ ਸਨ। ਸੂਬੇ 'ਚ ਵੱਡੀ ਗਿਣਤੀ 'ਚ ਲੋਕ ਕਤਾਰਾਂ 'ਚ ਖੜ੍ਹੇ ਹਨ, ਜੋ ਇਸ ਸਕੀਮ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ।
ਇਹ ਵੀ ਪੜ੍ਹੋ : Balwant Singh Rajoana Parole : ਭਲਕੇ ਜੇਲ੍ਹ ਤੋਂ ਬਾਹਰ ਆਉਣਗੇ ਬਲਵੰਤ ਸਿੰਘ ਰਾਜੋਆਣਾ, ਹਾਈਕੋਰਟ ਨੇ ਦਿੱਤੀ ਪੈਰੋਲ, ਜਾਣੋ ਪੂਰਾ ਮਾਮਲਾ