ਸੋਸ਼ਲ ਮੀਡੀਆ 'ਤੇ ਹਥਿਆਰਾਂ ਸਮੇਤ ਤਸਵੀਰਾਂ ਪੋਸਟ ਕਰਨਾ ਲੋਕਾਂ ਨੂੰ ਪਿਆ ਮਹਿੰਗਾ
ਚੰਡੀਗੜ੍ਹ: ਪੰਜਾਬ ਦੀ ਮਾਨ ਸਰਕਾਰ ਲਾਇਸੰਸੀ ਹਥਿਆਰਾਂ ਨੂੰ ਲੈ ਕੇ ਸਖ਼ਤ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਥਿਆਰਾਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। ਮਾਨ ਸਰਕਾਰ ਨੇ ਹਥਿਆਰਾਂ ਦੇ ਨਵੇਂ ਲਾਇਸੰਸ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ 'ਤੇ ਵੀ ਪਾਬੰਦੀ ਲਗਾਈ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ।
ਹਥਿਆਰਾਂ ਨਾਲ ਸੋਸ਼ਲ ਮੀਡੀਆ 'ਤੇ ਫੋਟੋ ਪਾਉਣ ਦਾ ਪੰਜਾਬ ਦੇ ਲੋਕਾਂ 'ਤੇ ਕਰੇਜ਼ ਵਧਦਾ ਜਾ ਰਿਹਾ ਹੈ। ਬੀਤੀ ਦਿਨੀ ਕੁਲੜ ਪੀਜ਼ਾ ਵਾਲਿਆਂ ਨੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਨਾਲ ਵੀਡਿਓ ਪਾਈ ਸੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਪਿੰਡ ਚਵਿੰਡਾ ਦੇਵੀ ਦੇ ਇਕ ਲਾਇਸੰਸੀ ਧਾਰਕ ਉੱਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਲਾਇਸੰਸੀ ਧਾਰਕ ਨੇ ਆਪਣੇ 2015 ਵਿੱਚ ਬੱਚੇ ਦੀ ਰਾਈਫਲ ਨਾਲ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਸੀ ਹੁਣ 7 ਸਾਲ ਬਾਅਦ ਪੁਲਿਸ ਨੇ 23 ਨਵੰਬਰ 2022 ਨੂੰ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰ ਦਿੱਤਾ ਹੈ। ਥਾਣਾ ਕੱਥੂਨੰਗਲ ਵਿੱਚ ਬੱਚੇ ਅਤੇ ਉਸ ਦੇ ਪਿਤਾ ਭੁਪਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਦੱਸ ਦੇਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਹਥਿਆਰਾਂ ਨੂੰ ਸ਼ਰੇਆਮ ਦਿਖਾਉਣ ਅਤੇ ਸ਼ੋਸ਼ਲ ਮੀਡੀਆ 'ਤੇ ਫੋਟੋ ਅਪਲੋਡ ਕਰਨ ਵਾਲਿਆਂ ਵਿਰੁੱਧ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਦੇ ਚਲਦਿਆਂ ਪੰਜਾਬ ਪੁਲਿਸ ਨੇ ਫੇਸਬੁੱਕ, ਇਸਟਾਗਰਾਮ ਤੇ ਹੋਰ ਸੋਸ਼ਲ ਸਾਈਟਾਂ ਤੇ ਹਥਿਆਰਾਂ ਸਮੇਤ ਫੋਟੋਆਂ ਅਪਲੋਡ ਕਰਨ ਵਾਲਿਆਂ ਵਿਰੁੱਧ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ।