ਪੁਲਿਸ ਵਾਲਿਆਂ ਵੱਲੋਂ ਸਾਥੀ ਪੁਲਿਸ ਮੁਲਾਜ਼ਮ 'ਤੇ ਲਾਠੀਚਾਰਜ, ਵੀਡੀਓ ਵਾਇਰਲ

By  Jasmeet Singh December 7th 2022 02:14 PM

ਜਲੰਧਰ, 7 ਦਸੰਬਰ: ਗੁਰੂ ਨਾਨਕ ਮਿਸ਼ਨ ਚੌਕ ਨੇੜੇ ਇੱਕ ਪੁਲਿਸ ਮੁਲਾਜ਼ਮ ਦਾ ਆਪਣੇ ਹੀ ਮੁਲਾਜ਼ਮਾਂ ਨਾਲ ਝਗੜੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪੈਟਰੋਲ ਪੰਪ ’ਤੇ ਪੁਲਿਸ ਮੁਲਾਜ਼ਮ ਨੇ ਆਪਣੇ ਹੀ ਮੁਲਾਜ਼ਮਾਂ ’ਤੇ ਲਾਠੀਚਾਰਜ ਕਰ ਦਿੱਤਾ। ਜਿਸਦੀ ਵੀਡੀਓ ਵੀ ਵਾਇਰਲ ਜਾ ਰਹੀ ਹੈ।

ਪੰਜਾਬ ਪੁਲਿਸ ਮੁਲਾਜ਼ਮ ਦਾ ਇਹ ਰਵੱਈਆ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀਸੀਆਰ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਉੱਥੇ ਇੱਕ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਨੂੰ ਲੈ ਕੇ ਉਹ ਉੱਥੇ ਪਹੁੰਚੇ ਸਨ। 

ਇਸ ਦੌਰਾਨ ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਨੇ ਆਪਣੇ ਹੀ ਮੁਲਾਜ਼ਮਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਹਾਸਿਲ ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੇ ਇੱਕ ਪੁਲਿਸ ਅਧਿਕਾਰੀ ਦੀ ਪੈਟਰੋਲ ਪੰਪ ਦੇ ਕਰਿੰਦਿਆਂ ਨਾਲ ਬਹਿਸ ਹੋ ਗਈ ਸੀ। ਇਸ ਦੌਰਾਨ ਪਹਿਲਾਂ ਤਾਂ ਮੌਕੇ 'ਤੇ ਗਸ਼ਤ ਕਰ ਰਹੀ ਪੀਸੀਆਰ ਪੁਲਿਸ ਪਹੁੰਚੀ, ਜਿੱਥੇ ਉਸਦੀ ਪਹੁੰਚੇ ਪੁਲਿਸ ਮੁਲਾਜ਼ਮਾਂ ਨਾਲ ਵੀ ਜ਼ੁਬਾਨੀ ਬਹਿਸ ਹੋਈ। 

ਪੀਸੀਆਰ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸੀਆਈਏ ਸਟਾਫ਼ ਪੁਲਿਸ ਕਰਮੀ ਨੇ ਪਹਿਲਾਂ ਤਾਂ ਉਨ੍ਹਾਂ ਨਾਲ ਗਾਲੀ-ਗਲੋਚ ਕੀਤਾ ਅਤੇ ਫਿਰ ਉਨ੍ਹਾਂ ’ਤੇ ਹੀ ਲਾਠੀਚਾਰਜ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਇਸਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਤਾਂ ਉਨ੍ਹਾਂ ਨਸ਼ੇ 'ਚ ਧੁੱਤ ਪੁਲਿਸ ਕਰਮੀ ਨੂੰ ਥਾਣੇ ਲਿਆਉਣ ਨੂੰ ਕਿਹਾ ਪਰ ਉਦੋਂ ਤੱਕ ਉਸਦੇ ਥਾਣੇ ਦੇ ਪੁਲਿਸ ਮੁਲਾਜ਼ਮ ਵੀ ਘਟਨਾ ਵਾਲੀ ਥਾਂ ਪਹੁੰਚ ਗਏ ਅਤੇ ਦਲੀਲਾਂ ਦੇਣ ਮਗਰੋਂ ਉਸਨੂੰ ਛੁੱਡਾ ਕੇ ਲੈ ਗਏ ਤੇ ਬਾਅਦ ਵਿੱਚ ਉਨ੍ਹਾਂ ਖਿਲਾਫ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ। 

ਇਹ ਵੀ ਪੜ੍ਹੋ: ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਦੀ ਆਈ ਸ਼ਾਮਤ

ਪੀ.ਟੀ.ਸੀ ਪਤਰਕਾਰ ਨਾਲ ਗੱਲ ਕਰਦਿਆਂ ਪੀੜਤ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਨ੍ਹਾਂ ਹੀ ਨਹੀਂ ਸਗੋਂ ਆਰੋਪੀ ਪੁਲਿਸ ਵਾਲਾ ਉਨ੍ਹਾਂ ਤੋਂ ਅਹੁਦੇ 'ਚ ਵੀ ਛੋਟਾ ਹੈ। ਇਸਦੇ ਬਾਵਜੂਦ ਆਰੋਪੀ ਨੇ ਨਾ ਸਿਰਫ ਹੱਥੋਪਾਈ ਕੀਤੀ ਪਰ ਉਸਦੀ ਵਰਦੀ ਵੀ ਪਾੜ ਦਿੱਤੀ। ਉਨ੍ਹਾਂ ਇਸ ਘਟਨਾ ਦੀ ਉੱਚ ਅਧਿਕਾਰੀਆਂ ਨੂੰ ਸ਼ਕਾਇਤ ਦਿੱਤੀ ਹੈ। 

ਹਾਲਾਂਕਿ ਹੁਣ ਜਿਹੜੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਜਾ ਰਹੀ ਹੈ ਉਸ ਵਿੱਚ ਪੀਸੀਆਰ ਪੁਲਿਸ ਮੁਲਾਜ਼ਮ ਦੂਜੇ ਮੁਲਾਜ਼ਮ 'ਤੇ ਲਾਠੀਚਾਰਜ ਕਰ ਰਹੇ ਹਨ। ਹੁਣ ਕੌਣ ਸਚਾ ਤੇ ਕੌਣ ਝੂਠਾ ਇਹ ਤਾਂ ਤਫਤੀਸ਼ ਮਗਰੋਂ ਵੀ ਪਤਾ ਲਗ ਸਕੇਗਾ। 



ਏ.ਡੀ.ਸੀ.ਪੀ ਅਧਿਤਯਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਝਗੜੇ ਸਬੰਧੀ ਜਾਣਕਾਰੀ ਹਾਸਿਲ ਹੋਈ ਹੈ ਤੇ ਜੋ ਵੀ ਮੁਲਾਜ਼ਮ ਦੋਸ਼ੀ ਨਿਕਲਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

- ਰਿਪੋਰਟਰ ਪਤਰਸ ਪੀਟਰ ਦੇ ਸਹਿਯੋਗ ਨਾਲ 

Related Post