ਸਕੂਲ ਵੈਨ ਨੂੰ ਪਿਸਤੌਲ ਦੀ ਨੋਕ 'ਤੇ ਘੇਰਨ ਵਾਲੀ ਔਰਤ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ : ਅਕਾਲੀ ਦਲ

ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਆਪਣੇ ਸ਼ੋਸ਼ਲ ਮੀਡੀਆਂ ਅਕਾਊਾਟ 'ਤੇ ਜਾਰੀ ਕੀਤੀ ਇਕ ਵੀਡੀਓ ਰਾਹੀਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਹੁਣ ਤਰਸਯੋਗ ਬਣ ਚੁੱਕੀ ਹੈ।

By  KRISHAN KUMAR SHARMA July 11th 2024 03:06 PM

ਸਮਰਾਲਾ : ਇਲਾਕੇ ਵਿਚ ਫਾਰਚਿਊਨਰ ਸਵਾਰ ਲੇਡੀ ਵੱਲੋਂ ਸਕੂਲੀ ਵੈਨ ਨੂੰ  ਘੇਰ ਕੇ ਪਿਸਤੌਲ ਸਮੇਤ ਵੈਨ ਵਿਚ ਚੜ ਕੇ ਬੱਚਿਆਂ ਨੂੰ  ਡਰਾਉਣ ਦਾ ਮਾਮਲਾ ਹੁਣ ਵੱਡੇ ਪੱਧਰ 'ਤੇ ਤੂਲ ਫੜ ਚੁੱਕਾ ਹੈ। ਸਕੂਲੀ ਬੱਚਿਆਂ ਨੂੰ ਖੌਫ਼ਜ਼ਦਾ ਮਾਹੌਲ ਵੱਲ ਧੱਕਣ ਵਾਲੀ ਔਰਤ ਦੇ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਆਪਣੇ ਸ਼ੋਸ਼ਲ ਮੀਡੀਆਂ ਅਕਾਊਾਟ 'ਤੇ ਜਾਰੀ ਕੀਤੀ ਇਕ ਵੀਡੀਓ ਰਾਹੀਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਹੁਣ ਤਰਸਯੋਗ ਬਣ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਹੁਣ ਸਾਡੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਵੀ ਖੁਦ ਨੂੰ ਅਸੁਰੱਖਿਅਤ ਮੰਨਣ ਲੱਗੇ ਹਨ। ਉਨ੍ਹਾਂ ਸਕੂਲ ਵੈਨ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੈਨ ਵਿਚ ਮੋਬਾਇਲ ਰਾਹੀਂ ਆਪਸ ਵਿਚ ਖੇਡਦੇ ਬੱਚਿਆਂ 'ਤੇ ਆਪਣਾ ਗੁੱਸਾ ਉਤਾਰਨ ਲਈ ਫਾਰਚਿਊਨਰ ਵਾਲੀ ਲੇਡੀ ਵੱਲੋਂ ਪਹਿਲਾਂ ਆਪਣੀ ਗੱਡੀ ਸਕੂਲ ਵੈਨ ਮੂਹਰੇ ਲਗਾ ਕੇ ਉਸਨੂੰ ਘੇਰਿਆ ਗਿਆ ਅਤੇ ਫਿਰ ਆਪਣੇ ਪਿਸਤੌਲ ਸਮੇਤ ਗੱਡੀ ਵਿਚ ਚੜ੍ਹ ਕੇ ਬੱਚਿਆਂ ਤੋਂ ਜ਼ਬਰੀ ਵੀਡੀਓਜ਼ ਡੀਲੀਟ ਕਰਵਾਈਆਂ ਗਈਆਂ।

ਉਨ੍ਹਾਂ ਕਿਹਾ ਕਿ ਅਜਿਹੀਆ ਕਾਰਵਾਈਆਂ ਤੋਂ ਲਗਦਾ ਹੈ ਕਿ ਕਿਸੇ ਨੂੰ ਵੀ ਇਥੇ ਕਾਨੂੰਨ ਦਾ ਡਰ ਭੈਅ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸਿੱਟ ਵੱਲੋਂ ਮਾਨਯੋਗ ਹਾਈਕੋਰਟ ਵਿਚ ਇਹ ਵੀ ਖੁਲਾਸਾ ਕਰ ਦਿੱਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਨਾਲ ਹੋਈਆਂ ਇੰਟਰਵਿਊਜ਼ ਪੰਜਾਬ ਦੀਆਂ ਜੇਲਾਂ ਵਿਚ ਪਈਆਂ ਹਨ। ਉਨ੍ਹਾਂ ਕਿਹਾ ਕਿ ਜੋ ਸਰਕਾਰ ਨਸ਼ਿਆਂ ਅਤੇ ਜ਼ੁਰਮ ਨੂੰ ਖਤਮ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਅਤੇ ਅੱਜ ਪੰਜਾਬ ਨਸ਼ੇ ਤੇ ਜ਼ੁਰਮ ਦਾ ਅੱਡਾ ਬਣ ਚੁੱਕਾ ਹੈ ਅਤੇ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਤੇ ਨਸ਼ਿਆ ਦੇ ਮੁੱਦੇ 'ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।

Related Post