ਗਣਤੰਤਰ ਦਿਵਸ ਤੋਂ ਪਹਿਲਾਂ ਪੁਲਿਸ ਦੀ ਛਾਪੇਮਾਰੀ, ਪੀਜੀ 'ਚ ਰਹਿੰਦੇ ਮੁੰਡੇ-ਕੁੜੀਆਂ ਦੀ ਕੀਤੀ ਵੈਰੀਫਿਕੇਸ਼ਨ
ਬਠਿੰਡਾ : 26 ਜਨਵਰੀ ਦਿਹਾੜੇ ਉਤੇ ਬਠਿੰਡਾ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਸੁਰੱਖਿਆ ਦੇ ਮੱਦੇਨਜ਼ਰ ਅੱਜ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅਜੀਤ ਰੋਡ ਉਪਰ ਸਥਿਤ ਪੇਇੰਗ ਗੈਸਟ ਹਾਊਸ ਦੀ ਚੈਕਿੰਗ ਕੀਤੀ ਗਈ।
ਦਿਨ ਚੜ੍ਹਨ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਪੇਇੰਗ ਗੈਸਟ ਹਾਊਸ ਵਿਚ ਛਾਪੇਮਾਰੀ ਕੀਤੀ ਗਈ। ਦੋ ਡੀਐਸਪੀ ਅਤੇ ਤਿੰਨ ਥਾਣਿਆਂ ਦੇ ਐੱਸਐੱਚਓ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੇ ਪੁਲਿਸ ਮੁਲਾਜ਼ਮਾਂ ਇਨ੍ਹਾਂ ਪੀਜੀ ਵਿਚ ਰਹਿ ਰਹੇ ਮੁੰਡੇ-ਕੁੜੀਆਂ ਦੀ ਵੈਰੀਫਿਕੇਸ਼ਨ ਕੀਤੀ। ਇਸ ਮੌਕੇ ਡੀਐਸਪੀ ਹੀਨਾ ਗੁਪਤਾ ਨੇ ਦੱਸਿਆ ਕਿ 26 ਜਨਵਰੀ ਨੂੰ ਲੈ ਕੇ ਜਿਥੇ ਪੰਜਾਬ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਨ੍ਹਾਂ ਵੱਲੋਂ ਇਨ੍ਹਾਂ ਪੀਜੀ ਵਿਚ ਰਹਿ ਰਹੇ ਮੁੰਡੇ-ਕੁੜੀਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਅਪਰਾਧਿਕ ਬਿਰਤੀ ਵਾਲੇ ਲੋਕ ਪਨਾਹ ਨਾ ਲੈ ਸਕਣ।
ਇਹ ਵੀ ਪੜ੍ਹੋ : ਸਰਹੱਦ 'ਤੇ ਮੁੜ ਡਰੋਨ ਦੀ ਹਲਚਲ, ਫਾਇਰਿੰਗ ਮਗਰੋਂ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਦੀ ਖੇਪ ਬਰਾਮਦ
ਇਸ ਦੇ ਨਾਲ ਹੀ ਪੇਇੰਗ ਗੈਸਟ ਹਾਊਸ ਦੇ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪੇਇੰਗ ਗੈਸਟ ਹਾਊਸ ਰਜਿਸਟਰ ਕਰਵਾਉਣ ਤਾਂ ਜੋ ਉਨ੍ਹਾਂ ਕੋਲ ਰਿਕਾਰਡ ਰਹਿ ਸਕੇ। ਡੀਐਸਪੀ ਸਿਟੀ ਬਣਨ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਪੇਇੰਗ ਗੈਸਟ ਹਾਊਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਮਾੜਾ ਅਸਰ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ।