Golden Temple yoga: ਸ੍ਰੀ ਦਰਬਾਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਨੂੰ ਨੋਟਿਸ ਜਾਰੀ
ਸ੍ਰੀ ਦਰਬਾਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਜਾਰੀ ਕਰਕੇ 30 ਜੂਨ ਤਕ ਥਾਣੇ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।
Archana Makwana Update: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਦੀਆਂ ਮੁਸ਼ਕਿਲਾਂ ਵਧੀਆਂ ਹੀ ਜਾ ਰਹੀਆਂ ਹਨ। ਹੁਣ ਅੰਮ੍ਰਿਤਸਰ ਪੁਲਿਸ ਨੇ ਅਰਚਨਾ ਮਕਵਾਨਾ ਨੂੰ ਨੋਟਿਸ ਜਾਰੀ ਕੀਤਾ ਹੈ।
30 ਜੂਨ ਤਕ ਪੇਸ਼ ਹੋਣ ਲਈ ਕਿਹਾ
ਅੰਮ੍ਰਿਤਸਰ ਪੁਲਿਸ ਨੇ ਕਾਨੂੰਨੀ ਕਾਰਵਾਈ ਨੂੰ ਅੱਗੇ ਤੋਰਦਿਆਂ 30 ਜੂਨ ਤੱਕ ਸੰਬੰਧਤ ਥਾਣੇ ਵਿੱਚ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ। ਪੁਲਿਸ ਨੇ ਦੱਸਿਆ ਕਿ ਜੇਕਰ 30 ਜੂਨ ਤੱਕ ਅਰਚਨਾ ਮਕਵਾਨਾ ਪੇਸ਼ ਨਹੀਂ ਹੁੰਦੀ ਤਾਂ ਅਜਿਹੇ ਵਿੱਚ ਪੁਲਿਸ ਵੱਲੋਂ ਉਸਨੂੰ 2 ਹੋਰ ਨੋਟਿਸ ਭੇਜੇ ਜਾਣਗੇ। ਜੇਕਰ ਫਿਰ ਵੀ ਅਰਚਨਾ ਥਾਣੇ ਵਿੱਚ ਪੇਸ਼ ਨਹੀਂ ਹੋਈ ਤਾਂ ਫਿਰ ਅੰਮ੍ਰਿਤਸਰ ਪੁਲਿਸ ਦੀ ਇੱਕ ਟੀਮ ਗ੍ਰਿਫ਼ਤਾਰੀ ਲਈ ਅਰਚਨਾ ਮਕਵਾਨਾ ਦੇ ਘਰ ਭੇਜੀ ਜਾਵੇਗੀ।
ਗ੍ਰਿਫ਼ਤਾਰ ਕਰਨ ਦੀ ਉੱਠੀ ਸੀ ਮੰਗ
ਇਸ ਸਬੰਧੀ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲੜਕੀ ਨੇ ਸਿੱਖ ਧਰਮ ਦੀ ਮਰਿਆਦਾ ਭੰਗ ਕੀਤੀ ਹੈ ਤੇ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈਸ, ਇਸ ਲਈ ਲੜਕੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤੇ ਜਾਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਮੁਤਾਬਿਕ ਲੜਕੀ ਨੂੰ ਬਣਦੀ ਸਜ਼ਾ ਦੇਵੇ ਤਾਂ ਜੋ ਅੱਗੇ ਤੋਂ ਅਜਿਹੀ ਗਲਤੀ ਕਰਨ ਦੀ ਕੋਈ ਕੋਸ਼ਿਸ਼ ਨਾ ਕਰ ਸਕੇ।
ਜਾਣੋ ਕੀ ਹੈ ਪੂਰਾ ਮਾਮਲਾ ?
ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਯੋਗਾ ਆਸਣ ਕੀਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਤੇ ਅਰਚਨਾ ਮਕਵਾਣਾ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਸਜੀਪੀਸੀ ਨੇ ਐਕਸ਼ਨ ਲੈਂਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਡਿਊਟੀ 'ਤੇ ਤਾਇਨਾਤ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ।
295 ਏ ਤਹਿਤ ਮਾਮਲਾ ਦਰਜ
ਦੱਸ ਦਈਏ ਕਿ ਐਸਜੀਪੀਸੀ ਦੀ ਸ਼ਿਕਾਇਤ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਅਰਚਨਾ ਖ਼ਿਲਾਫ਼ 295 ਏ ਤਹਿਤ ਮਾਮਲਾ ਦਰਜ ਕਰ ਲਿਆ ਸੀ। ਆਈਪੀਸੀ ਦੀ ਧਾਰਾ 295ਏ ਦੇ ਤਹਿਤ ਉਸ ਵਿਅਕਤੀ ਖ਼ਿਲਾਫ਼ ਦਰਜ ਕੀਤੀ ਜਾਂਦੀ ਹੈ ਜੋ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਦਾ ਹੈ। ਇਸ ਧਾਰਾ ਤਹਿਤ ਤਿੰਨ ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਅਰਚਨਾ ਨੇ ਮੁਆਫੀ ਮੰਗੀ
ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਰਚਨਾ ਨੇ ਸਾਰਿਆਂ ਤੋਂ ਮੁਆਫੀ ਵੀ ਮੰਗੀ। ਅਰਚਨਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ 21 ਜੂਨ ਨੂੰ ਮੈਂ ਹਰਿਮੰਦਰ ਸਾਹਿਬ ਗਈ ਸੀ। ਇਸ ਦੌਰਾਨ, ਯੋਗ ਦਿਵਸ ਦੇ ਮੌਕੇ 'ਤੇ, ਮੈਂ ਆਪਣਾ ਮਨਪਸੰਦ ਯੋਗ ਆਸਣ ਕੀਤਾ। ਮੇਰਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਮੇਰੇ ਕੰਮ ਨਾਲ ਕਿਸੇ ਨੂੰ ਠੇਸ ਪੁੱਜੀ ਹੋਏ ਤਾਂ ਮੈਂ ਮੁਆਫੀ ਚਾਹੁੰਦਾ ਹਾਂ। ਮੈਂ ਅਜਿਹਾ ਦੁਬਾਰਾ ਕਦੇ ਨਹੀਂ ਕਰਾਂਗਾ।
ਕੌਣ ਹੈ ਅਰਚਨਾ ਮਕਵਾਨਾ?
ਤੁਹਾਨੂੰ ਦੱਸ ਦੇਈਏ ਕਿ ਅਰਚਨਾ ਮਕਵਾਨਾ ਦਾ ਨਾਂ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਵਾਲਿਆਂ 'ਚ ਸ਼ਾਮਲ ਹੈ। ਅਰਚਨਾ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਅਰਚਨਾ ਦੇ ਇਕੱਲੇ ਇੰਸਟਾਗ੍ਰਾਮ 'ਤੇ 140k ਫਾਲੋਅਰਜ਼ ਹਨ। ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ, ਅਰਚਨਾ ਨੇ ਆਪਣੇ ਆਪ ਨੂੰ ਇੱਕ ਫੈਸ਼ਨ ਡਿਜ਼ਾਈਨਰ, ਕਾਰੋਬਾਰੀ, ਪ੍ਰਭਾਵਕ, ਯਾਤਰਾ ਅਤੇ ਫੈਸ਼ਨ ਬਲੌਗਰ ਦੱਸਿਆ ਹੈ। ਦੱਸ ਦੇਈਏ ਕਿ ਅਰਚਨਾ ਗੁਜਰਾਤ ਦੇ ਵਡੋਦਰਾ ਵਿੱਚ ਆਪਣਾ ਫੈਸ਼ਨ ਡਿਜ਼ਾਈਨ ਬ੍ਰਾਂਡ ਚਲਾਉਂਦੀ ਹੈ, ਜਿਸ ਦਾ ਨਾਂ ਹਾਊਸ ਆਫ ਅਰਚਨਾ ਹੈ। ਇਸ ਤੋਂ ਇਲਾਵਾ ਅਰਚਨਾ ਨੂੰ ਘੁੰਮਣ-ਫਿਰਨ ਦਾ ਵੀ ਬਹੁਤ ਸ਼ੌਕ ਹੈ। ਉਹ ਅਕਸਰ ਆਪਣੇ ਟ੍ਰੈਵਲ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ ਸਮਰਥਕ ਪ੍ਰਧਾਨ ਮੰਤਰੀ ਬਾਜੇਕੇ ਲੜਣਗੇ ਚੋਣ, ਡਿਬਰੂਗੜ੍ਹ ਜੇਲ੍ਹ ’ਚ ਹਨ ਬੰਦ
ਇਹ ਵੀ ਪੜ੍ਹੋ: ਘਨੌਰ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ-ਪੁੱਤ ਸਣੇ ਤਿੰਨ ਦੀ ਮੌਤ