ਮੂਸੇਵਾਲਾ ਨੂੰ ਜਾਅਲੀ ਪੁਲਿਸ ਵਰਦੀ 'ਚ ਉਸਦੇ ਘਰ ਛਾਪੇਮਾਰੀ ਦੌਰਾਨ ਮਾਰਨ ਦੀ ਸੀ ਯੋਜਨਾ

By  Jasmeet Singh November 14th 2022 03:20 PM

ਲੁਧਿਆਣਾ, 14 ਨਵੰਬਰ): ਗੈਂਗਸਟਰ ਮਨਦੀਪ ਸਿੰਘ ਉਰਫ ਤੂਫ਼ਾਨ ਅਤੇ ਮਨੀ ਰਈਆ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਦਰਮਨਜੋਤ ਸਿੰਘ ਕਾਹਲੋਂ ਉਰਫ ਦਰਮਨ ਕਾਹਲੋਂ ਨੂੰ ਨਾਮਜ਼ਦ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕਾਹਲੋਂ ਅਮਰੀਕਾ ਵਿੱਚ ਲੁਕਿਆ ਹੋਇਆ ਹੈ। ਉਸ ਨੂੰ ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਨੂੰ ਕਥਿਤ ਤੌਰ 'ਤੇ ਹਥਿਆਰ ਸਪਲਾਈ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ। ਕਾਹਲੋਂ ਖ਼ਿਲਾਫ਼ ਇਸ ਸਾਲ ਜੂਨ ਵਿੱਚ ਸਲੇਮ ਟਾਬਰੀ ਥਾਣੇ ਵਿੱਚ ਦਰਜ ਐਫਆਈਆਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਤੂਫ਼ਾਨ ਅਤੇ ਰਈਆ ਨੇ ਪੁਲਿਸ ਨੂੰ ਦੱਸਿਆ ਕਿ ਦਰਮਨ ਕਾਹਲੋਂ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉੱਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਕਈ ਸਾਜ਼ਿਸ਼ਾਂ ਰਚੀਆਂ ਸਨ। ਇੱਕ ਸਾਜ਼ਿਸ਼ ਦੇ ਤਹਿਤ ਉਨ੍ਹਾਂ ਨੇ ਪੁਲਿਸ ਵਰਦੀ ਵਿੱਚ ਗਾਇਕ ਦੇ ਘਰ ਛਾਪਾ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਛਾਪੇਮਾਰੀ ਦੌਰਾਨ ਉਸਨੂੰ ਉਸਦੇ ਘਰ 'ਚ ਗੋਲੀ ਮਾਰਨ ਦਾ ਵੀ ਪਲੈਨ ਬਣਾਇਆ ਸੀ। ਉਨ੍ਹਾਂ ਨੇ ਕਤਲ ਨੂੰ ਅੰਜਾਮ ਦੇਣ ਤੋਂ ਦਸ ਦਿਨ ਪਹਿਲਾਂ ਘਰ ਦੀ ਰੇਕੀ ਵੀ ਕੀਤੀ ਸੀ। ਉਨ੍ਹਾਂ ਨੇ ਪਾਇਆ ਕਿ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਪੁਲਿਸ ਸੁਰੱਖਿਆ ਮਿਲੀ ਹੋਈ ਸੀ, ਇਸ ਲਈ ਪੁਲਿਸ ਦੀ ਵਰਦੀ ਵਿੱਚ ਘਰ ਵਿੱਚ ਦਾਖਲ ਹੋਣਾ ਸੰਭਵ ਨਹੀਂ ਸੀ। ਇਸ ਤੋਂ ਬਾਅਦ ਬਿਸ਼ਨੋਈ ਨੇ ਯੋਜਨਾ ਬਦਲ ਦਿੱਤੀ ਸੀ।

ਮੁਲਜ਼ਮਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਕਤਲ ਵਾਲੇ ਦਿਨ ਉਨ੍ਹਾਂ ਨੂੰ ਇੱਕ ਹੋਰ ਸ਼ਾਰਪ ਸ਼ੂਟਰ ਗੁਰਮੀਤ ਮੀਤਾ, ਇੱਕ ਬਰਖਾਸਤ ਪੁਲਿਸ ਕਾਂਸਟੇਬਲ, ਜੋ ਕਿ ਰਾਸ਼ਟਰੀ ਪੱਧਰ ਦਾ ਜੈਵਲਿਨ ਥ੍ਰੋਅਰ ਸੀ, ਦੇ ਨਾਲ ਸਟੈਂਡਬਾਏ 'ਤੇ ਰੱਖਿਆ ਗਿਆ ਸੀ। ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਸਾਜ਼ਿਸ਼ ਵਿੱਚ ਕੋਈ ਬਦਲਾਅ ਹੋਇਆ ਤਾਂ ਤੁਰੰਤ ਜਵਾਬ ਦਿੱਤਾ ਜਾਵੇ। ਗਾਇਕ ਦੇ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਮਨਪ੍ਰੀਤ ਸਿੰਘ ਉਰਫ਼ ਮਨੀ ਰਾਈਆਂ, ਮਨਦੀਪ ਸਿੰਘ ਉਰਫ਼ ਤੂਫ਼ਾਨ, ਗੁਰਮੀਤ ਮੀਤਾ ਸਮੇਤ ਸਤਬੀਰ ਸਿੰਘ ਸੀਸੀਟੀਵੀ ਵਿੱਚ ਕੈਦ ਹੋ ਗਏ ਸਨ। ਦੋਵੇਂ ਸ਼ਾਰਪ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਰਾਈਆ, ਮਨਦੀਪ ਸਿੰਘ ਉਰਫ਼ ਤੂਫ਼ਾਨ ਇਸ ਸਮੇਂ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਲੁਧਿਆਣਾ ਪੁਲਿਸ ਦੀ ਹਿਰਾਸਤ ਵਿੱਚ ਹਨ।

- ਨਵੀਨ ਸ਼ਰਮਾ ਦੇ ਸਹਿਯੋਗ ਨਾਲ 

Related Post