Pilibhit Encounter : ਪੰਜਾਬ ਲਿਆਂਦੀਆਂ ਗਈਆਂ ਤਿੰਨਾਂ ਮੁਲਜ਼ਮਾਂ ਦੀਆਂ ਲਾਸ਼ਾਂ, ਜਸ਼ਨਪ੍ਰੀਤ ਦੇ ਪਰਿਵਾਰ ਨੇ ਸਸਕਾਰ ਦੌਰਾਨ ਕੀਤਾ ਹੰਗਾਮਾ
Pilibhit encounter Youth Cremation : ਗੁਰਦਾਸਪੁਰ ਦੀ ਕਲਾਨੌਰ ਪੁਲਿਸ ਚੌਕੀ ਬਖਸ਼ੀਵਾਲ 'ਤੇ ਹਮਲਾ ਕਰਨ ਵਾਲੇ ਤਿੰਨੇ ਮੁਲਜ਼ਮ ਨੌਜਵਾਨਾਂ ਦੀਆਂ ਲਾਸ਼ਾਂ ਬੁੱਧਵਾਰ ਗੁਰਦਾਸਪੁਰ ਲਿਆਂਦੀਆਂ ਗਈਆਂ, ਜਿੱਥੇ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
Pilibhit encounter News : ਕਲਾਨੌਰ ਪੁਲਿਸ ਚੌਕੀ ਬਖਸ਼ੀਵਾਲ 'ਤੇ ਹਮਲਾ ਕਰਨ ਵਾਲੇ ਤਿੰਨੇ ਮੁਲਜ਼ਮ ਨੌਜਵਾਨਾਂ ਦੀਆਂ ਲਾਸ਼ਾਂ ਬੁੱਧਵਾਰ ਗੁਰਦਾਸਪੁਰ ਲਿਆਂਦੀਆਂ ਗਈਆਂ, ਜਿੱਥੇ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਯੂਪੀ ਤੋਂ ਜਿਸ ਐਂਬੂਲੈਂਸ ਵਿਚ ਲਾਸ਼ਾਂ ਨੂੰ ਲਿਆਂਦਾ ਜਾ ਰਿਹਾ ਸੀ, ਰਸਤੇ ਵਿਚ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਕਾਰਨ ਲਾਸ਼ਾਂ ਨੂੰ ਗੁਰਦਾਸਪੁਰ ਪਹੁੰਚਣ 'ਚ ਸਮਾਂ ਲੱਗ ਗਿਆ ਸੀ।
ਪੁਲਿਸ ਵੱਲੋਂ ਪਹਿਲਾਂ ਕਲਾਨੌਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੀ ਲਾਸ਼ ਪਰਿਵਾਰ ਨੂੰ ਸੌਂਪੀ ਅਤੇ ਅੰਤਿਮ ਸੰਸਕਾਰ ਕੀਤਾ ਗਿਆ। ਉਪਰੰਤ ਜਦੋਂ ਪੁਲਿਸ ਨੇ ਜਸਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਵਾਸੀ ਪਿੰਡ ਸ਼ਹੂਰ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਤਾਂ ਲਾਸ਼ ਦਾ ਮੁਆਇਨਾ ਕਰਨ ਮਗਰੋਂ ਪਰਿਵਾਰ ਨੇ ਉਸ ਦੀਆਂ ਅੰਤਿਮ ਰਸਮਾਂ ਕਰਨ ਤੋਂ ਇਤਰਾਜ਼ ਪ੍ਰਗਟ ਕੀਤਾ। ਪਰਿਵਾਰ ਨੇ ਇਤਰਾਜ਼ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਪੁੱਤ ਦੇ ਸਰੀਰ 'ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ, ਇਹ ਇੱਕ ਫਰਜ਼ੀ ਮੁਕਾਬਲਾ ਕਰਵਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਸੰਸਕਾਰ ਰੋਕ ਦਿੱਤਾ।
ਉਪਰੰਤ, ਅੱਧੇ ਘੰਟੇ ਬਾਅਦ ਜਦੋਂ ਡੀਐਸਪੀ ਅਮੋਲਕ ਸਿੰਘ ਪਰਿਵਾਰ ਨੂੰ ਮਿਲਣ ਲਈ ਮੌਕੇ ’ਤੇ ਪੁੱਜੇ। ਇਸ ਮੌਕੇ ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਨਾਲ ਹਨ ਅਤੇ ਪੋਸਟ ਮਾਰਟਮ ਦੀ ਰਿਪੋਰਟ ਉਨ੍ਹਾਂ ਨੂੰ ਭੇਜ ਦਿੱਤੀ ਜਾਵੇਗੀ। ਡੀਐਸਪੀ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਲਾਸ਼ ਦਾ ਅੰਤਿਮ ਸੰਸਕਾਰ ਕੀਤਾ। ਪਰਿਵਾਰ ਦਾ ਕਹਿਣਾ ਸੀ ਕਿ ਇਸ ਐਨਕਾਊਂਟਰ ਦੀ ਜਾਂਚ ਹੋਣੀ ਚਾਹੀਦੀ ਹੈ।
23 ਦਸੰਬਰ ਨੂੰ ਹੋਇਆ ਸੀ ਐਨਕਾਊਂਟਰ
ਦੱਸ ਦਈਏ ਕਿ ਪੁਲਿਸ ਅਨੁਸਾਰ 18 ਦਸੰਬਰ ਦੀ ਰਾਤ ਨੂੰ ਸਰਹੱਦੀ ਕਸਬਾ ਕਲਾਨੌਰ ਦੀ ਪੁਲਿਸ ਚੌਕੀ ਬਖਸ਼ੀਵਾਲ ’ਤੇ ਗ੍ਰੇਨੇਡ ਹਮਲਾ ਕਰਨ ਵਾਲੇ ਮੁਲਜ਼ਮਾਂ ਦਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ 23 ਦਸੰਬਰ ਨੂੰ ਐਨਕਾਊਂਟਰ ਹੋਇਆ ਸੀ। ਇਹ ਤਿੰਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਸੰਗਠਨ (ਕੇ.ਜੇ.ਐੱਫ.) ਦੇ ਮੈਂਬਰ ਸਨ, ਜਿਨ੍ਹਾਂ ਦੀ ਕਮਾਂਡ ਵਿਦੇਸ਼ 'ਚ ਬੈਠੇ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਕਰ ਰਹੇ ਸਨ। ਇਹ ਤਿੰਨੋਂ ਮੁਲਜ਼ਮ ਸਰਹੱਦੀ ਕਸਬਾ ਕਲਾਨੌਰ ਥਾਣੇ ਅਧੀਨ ਪੈਂਦੇ ਪਿੰਡ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿੱਚੋਂ ਜਸਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਉਮਰ ਕਰੀਬ 18 ਸਾਲ, ਪਿੰਡ ਨਿੱਕਾ ਸ਼ਾਹੂਰ, ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ 25 ਸਾਲ ਵਾਸੀ ਮੁਹੱਲਾ ਕਲਾਨੌਰ ਅਤੇ ਵਰਿੰਦਰ ਸਿੰਘ ਉਰਫ ਰਵੀ ਪੁੱਤਰ ਰਣਜੀਤ ਸਿੰਘ ਉਮਰ 23 ਸਾਲ ਪਿੰਡ ਅਗਵਾਨ ਵਾਸੀ ਸੀ।