Kapurthala Murder : ਇੰਸਟਾਗ੍ਰਾਮ ਦੇ ਪਿਆਰ ਨੇ ਪਤੀ ਕਰਵਾਇਆ ਕਤਲ, ਪੁਲਿਸ ਨੇ 24 ਘੰਟਿਆਂ 'ਚ ਪ੍ਰੇਮੀ ਸਮੇਤ ਕਾਬੂ ਕੀਤੀ ਪਤਨੀ

Wife Murder her husband : ਮ੍ਰਿਤਕ ਵਿਅਕਤੀ ਦੀ ਪਤਨੀ ਦਾ ਤਮੰਨਾ ਨੇ ਮੰਨਿਆ ਕਿ ਉਹ ਆਪਣੇ ਸਾਥੀ ਕੁਲਦੀਪ ਕੁਮਾਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਜਿਸ ਕਰਕੇ ਦੋਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

By  KRISHAN KUMAR SHARMA January 17th 2025 11:13 AM -- Updated: January 17th 2025 12:13 PM

Instagram Murder : ਸੋਸ਼ਲ ਮੀਡੀਆ ਕਿਵੇਂ ਸਾਡੀ ਜ਼ਿੰਦਗੀ 'ਚ ਘੁਸਪੈਠ ਕਰ ਚੁੱਕਿਆ ਹੈ। ਇਸ ਦੀ ਮਿਸਾਲ ਕਪੂਰਥਲਾ 'ਚ ਇੱਕ ਵਿਆਹੁਤਾ ਔਰਤ ਵੱਲੋਂ ਆਪਣੇ ਪਤੀ ਦੇ ਕਤਲ ਤੋਂ ਸਾਹਮਣੇ ਆਉਂਦੀ ਹੈ, ਜਿਸ ਨੇ ਇੰਸਟਾਗ੍ਰਾਮ 'ਤੇ ਆਪਣੇ ਨਾਲ ਜੁੜੇ ਵਿਅਕਤੀ ਨਾਲ ਪਿਆਰ ਨੂੰ ਨੇਪਰ੍ਹੇ ਚੜ੍ਹਾਉਣ ਲਈ ਪਤੀ ਨੂੰ ਹੀ ਕਤਲ ਕਰ ਦਿੱਤਾ।ਪਿੰਡ ਫੂਲੇਵਾਲ ਵਿਖੇ 12 ਜਨਵਰੀ ਨੂੰ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸਦੀ ਇਲਾਜ ਦੌਰਾਨ 14 ਜਨਵਰੀ ਨੂੰ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾਉਂਦਿਆਂ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਲੱਛਮਣ ਸਿੰਘ ਵਾਸੀ ਫੂਲੇਵਾਲ ਆਪਣੇ ਪਿੰਡ ਫੂਲੇਵਾਲ ਤੋਂ ਰਾਤ ਨੂੰ ਡਿਊਟੀ 'ਤੇ ਜਾ ਰਿਹਾ ਸੀ ਤਾਂ ਡੈਣਵਿੰਡ ਸਮਸ਼ਾਨਘਾਟ ਨੇੜੇ ਦੋ ਅਣਪਛਾਤੇ ਨੌਜਵਾਨਾਂ ਨੇ ਘੇਰ ਕੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਸਨ, ਜਿਸ 'ਤੇ ਲਖਵਿੰਦਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ।

ਇਸ ਪਿੱਛੋਂ ਲਖਵਿੰਦਰ ਸਿੰਘ ਦੀ 14 ਜਨਵਰੀ ਨੂੰ ਮੌਤ ਹੋ ਗਈ, ਜਿਸ 'ਤੇ ਜੁਰਮ ਵਾਧਾ ਕਰਦਿਆਂ ਮ੍ਰਿਤਕ ਵਿਅਕਤੀ ਦੀ ਪਤਨੀ ਦਾ ਤਮੰਨਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸਨੇ ਆਪਣੇ ਸਾਥੀ ਕੁਲਦੀਪ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਅਦਰਸ਼ ਨਗਰ ਪਿੱਪਲਾਂਵਾਲਾ ਮੰਦਿਰ ਹੁਸ਼ਿਆਰਪੁਰ, ਜਿਸ ਨਾਲ ਉਸਦੀ ਇਕ ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਦੋਸਤੀ ਹੋਈ ਸੀ ਤੇ ਉਹ ਵਿਆਹ ਕਰਵਾਉਣਾ ਚਾਹੁੰਦੇ ਸਨ, ਜਿਸ ਕਰਕੇ ਦੋਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਕੁਲਦੀਪ ਕੁਮਾਰ 'ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।

Related Post