Petrol Pumps Closed : ਸਫ਼ਰ ਦੇ ਜਾਣ ਵਾਲੇ ਹੋ ਜਾਓ ਸਾਵਧਾਨ ! ਪੰਜਾਬ ਦੇ ਇਸ ਜ਼ਿਲ੍ਹੇ ’ਚ ਬੰਦ ਹਨ ਸਾਰੇ ਪੈਟਰੋਲ ਪੰਪ

ਲੁਧਿਆਣਾ ਵਿੱਚ ਸਾਰੇ ਪੈਟਰੋਲ ਪੰਪ ਪੂਰੀ ਤਰ੍ਹਾਂ ਬੰਦ ਹਨ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਹਨ।

By  Dhalwinder Sandhu August 18th 2024 10:03 AM

Petrol Pumps Closed in Ludhiana : ਘਰੋਂ ਸਫ਼ਰ ’ਤੇ ਜਾਣ ਵਾਲੇ ਲੋਕ ਸਾਵਧਾਨ ਹੋ ਜਾਣ, ਕਿਉਂਕਿ ਅੱਜ ਲੁਧਿਆਣਾ ਵਿੱਚ ਸਾਰੇ ਪੈਟਰੋਲ ਪੰਪ ਪੂਰੀ ਤਰ੍ਹਾਂ ਬੰਦ ਹਨ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਹਨ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਕੇਂਦਰ ਸਰਕਾਰ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕਰਨ ਦੇ ਵਿਰੋਧ ਵਿੱਚ ਅੱਜ ਪੰਪ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਆਪਣੇ ਖਰਚੇ ਘੱਟ ਕਰਨ ਲਈ ਉਹ ਹਰ ਐਤਵਾਰ ਪੈਟਰੋਲ ਪੰਪ ਬੰਦ ਰੱਖਣਗੇ।

7 ਸਾਲਾਂ ਤੋਂ ਕਮਿਸ਼ਨ ਨਹੀਂ ਵਧਾਇਆ ਗਿਆ

ਪੰਪ ਮਾਲਕਾਂ ਦਾ ਕਹਿਣਾ ਹੈ ਕਿ ਪਿਛਲੇ 7 ਸਾਲਾਂ ਤੋਂ ਉਨ੍ਹਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ। ਉਹ 2 ਫੀਸਦੀ ਕਮਿਸ਼ਨ 'ਤੇ ਕੰਮ ਕਰ ਰਹੇ ਹਨ ਜਦਕਿ ਉਨ੍ਹਾਂ ਦੀ ਮੰਗ ਹੈ ਕਿ 5 ਫੀਸਦੀ ਕਮਿਸ਼ਨ ਦਿੱਤਾ ਜਾਵੇ। ਐਸੋਸੀਏਸ਼ਨ ਵੱਲੋਂ 25 ਅਗਸਤ ਤੋਂ ਪੰਜਾਬ ਭਰ ਵਿੱਚ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਲਈ ਜ਼ਿਲ੍ਹਾ ਪੱਧਰ ’ਤੇ ਵੀ ਚਰਚਾ ਕੀਤੀ ਜਾ ਰਹੀ ਹੈ।

ਉਹਨਾਂ ਨੇ ਕਿਹਾ ਕਿ ਸਾਰੇ ਵਪਾਰੀਆਂ ਦਾ ਕਮਿਸ਼ਨ ਵਧ ਜਾਂਦਾ ਹੈ ਪਰ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਪਿਛਲੇ 7 ਸਾਲਾਂ ਤੋਂ ਨਹੀਂ ਵਧਾਇਆ ਗਿਆ। ਅੱਜ 80 ਰੁਪਏ ਦੀ ਇੱਕ ਵਸਤੂ 120 ਰੁਪਏ ਤੱਕ ਪਹੁੰਚ ਗਈ ਹੈ ਪਰ ਸਰਕਾਰ ਤੇਲ ਵਿਕਰੇਤਾਵਾਂ ਦਾ ਕਮਿਸ਼ਨ ਵਧਾਉਣ 'ਤੇ ਚੁੱਪ ਹੈ।

ਖੰਨਾ ਤੋਂ ਫਿਲੌਰ ਤੱਕ ਦੇ ਪੈਟਰੋਲ ਪੰਪ ਬੰਦ 

ਫਿਲਹਾਲ ਖੰਨਾ ਤੋਂ ਫਿਲੌਰ ਤੱਕ ਦੇ ਪੈਟਰੋਲ ਪੰਪ ਅੱਜ ਬੰਦ ਰਹਿਣਗੇ। ਪੈਟਰੋਲ ਪੰਪ ਬੰਦ ਰੱਖਣ ਦੇ ਸਮਰਥਨ ਵਿੱਚ ਕਈ ਸ਼ਹਿਰਾਂ ਤੋਂ ਪੱਤਰ ਵੀ ਆ ਰਹੇ ਹਨ। ਪੈਟਰੋਲ ਪੰਪਾਂ 'ਤੇ ਬੈਨਰ ਲਗਾਏ ਗਏ ਹਨ, ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਪੈਟਰੋਲ ਪੰਪ ਮਾਲਕ ਕਿਸ ਮਾੜੇ ਹਾਲਾਤ 'ਚੋਂ ਲੰਘ ਰਹੇ ਹਨ।

5 ਮਹੀਨੇ ਪਹਿਲਾਂ ਵੀ ਪੈਟਰੋਲ ਪੰਪ ਮਾਲਕ ਤੇਲ ਨਾ ਖਰੀਦ ਕੇ ਹੜਤਾਲ 'ਤੇ ਚਲੇ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕਮਿਸ਼ਨ ਵਧਾ ਦਿੱਤਾ ਜਾਵੇਗਾ, ਪਰ ਹੁਣ ਸਰਕਾਰ ਉਨ੍ਹਾਂ ਨੂੰ ਮੁੜ ਨਜ਼ਰਅੰਦਾਜ਼ ਕਰ ਰਹੀ ਹੈ।

ਐਮਰਜੈਂਸੀ ਸੇਵਾਵਾਂ ਚਾਲੂ 

ਉਹਨਾਂ ਨੇ ਕਿਹਾ ਕਿ ਹਫਤਾਵਾਰੀ ਛੁੱਟੀ ਵਾਲੇ ਦਿਨ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਐਂਬੂਲੈਂਸ ਅਤੇ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਦਿੱਤਾ ਜਾਵੇਗਾ। ਇਸ ਸਬੰਧੀ ਅੱਜ ਜ਼ਿਲ੍ਹਾ ਪੱਧਰ ’ਤੇ ਮੀਟਿੰਗ ਰੱਖੀ ਗਈ ਹੈ। ਜਲਦ ਹੀ ਪੰਜਾਬ ਪੱਧਰ ਅਤੇ ਸੂਬਾ ਪੱਧਰ 'ਤੇ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਵਧਾਇਆ ਜਾ ਸਕੇ।

ਇਹ ਵੀ ਪੜ੍ਹੋ : Punjab Weather : ਪੰਜਾਬ ਤੇ ਚੰਡੀਗੜ੍ਹ ਵਿੱਚ ਪਿਛਲੇ ਸਾਲ ਨਾਲੋਂ ਇਸ ਸਾਲ ਘੱਟ ਪਿਆ ਮੀਂਹ, ਹੁਣ ਇਸ ਦਿਨ ਦਾ ਅਲਰਟ ਜਾਰੀ

Related Post