ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

By  Ravinder Singh January 4th 2023 08:51 AM -- Updated: January 4th 2023 08:58 AM

ਚੰਡੀਗੜ੍ਹ : ਬੁੱਧਵਾਰ ਨੂੰ ਸਵੇਰੇ ਠੰਢੀਆਂ ਹਵਾਵਾਂ ਤੇ ਧੁੰਦ ਦੀ ਚਿੱਟੀ ਚਾਦਰ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਆਪਣੀ ਮੰਜ਼ਿਲ ਵਿਚ ਪੁੱਜਣ ਉਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੂਬੇ ’ਚ ਕੜਾਕੇ ਦੀ ਠੰਢ ਕਾਰਨ ਲੋਕਾਂ ਦਾ ਘਰੋਂ ਵਿਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਸਰਕਾਰ ਨੇ ਸਕੂਲਾਂ ਵਿਚ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਹਨ। ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਪਟਿਆਲਾ, ਆਦਮਪੁਰ, ਹਲਵਾਰਾ ਤੇ ਬਠਿੰਡੇ ਵਿਚ ਦ੍ਰਿਸ਼ਟਤਾ ਸਿਫ਼ਰ ਤੋਂ 50 ਮੀਟਰ ਵਿਚਾਲੇ ਰਹੀ। ਇਸ ਨਾਲ ‘ਕੋਲਡ ਡੇ’ ਤੇ ‘ਸੀਵੀਅਰ ਕੋਲਡ ਡੇ’ ਦੀ ਸਥਿਤੀ ਬਣੀ ਰਹੀ। 



ਸਰਹੱਦੀ ਜ਼ਿਲੇ ਗੁਰਦਾਸਪੁਰ ਅੰਦਰ ਠੰਢ ਤੇ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ। ਵੱਧ ਰਹੀ ਸੀਤ ਲਹਿਰ ਕਾਰਨ ਲੋਕਾਂ ਕੰਬਦੇ ਦੇਖੇ ਜਾ ਸਕਦੇ ਹਨ। ਅੰਮ੍ਰਿਤਸਰ-ਪਠਾਨਕੋਟ ਹਾਈਵੇ ਉਤੇ ਵਿਜ਼ੀਬਿਲਿਟੀ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

ਬਠਿੰਡਾ ਲਗਾਤਾਰ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਬਣਿਆ ਹੋਇਆ ਹੈ ਅਤੇ ਜਿਸ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨੂੰ ਮਾਤ ਪਾ ਦਿੱਤੀ ਹੈ। ਅੱਜ ਸਵੇਰ ਤੋਂ ਮਾਲਵਾ ਖੇਤਰ ਅੰਦਰ ਧੁੰਦ ਦੀ ਚਾਦਰ ਵਿਛੀ ਰਹੀ ਤੇ ਸੜਕ ਉਤੇ ਚੱਲਣ ਵਾਲੇ ਵਾਹਨਾਂ ਨੂੰ ਬੱਤੀਆਂ ਜਗਾ ਕਿ ਲੰਘਣਾ ਪਿਆ। ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ 'ਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਅਤੇ ਕੋਹਰਾ ਪੈਣ ਦੀ ਪੇਸ਼ੀਨਗੋਈ ਕੀਤੀ ਹੈ। 

ਕਈ ਸ਼ਹਿਰਾਂ ਵਿਚ ਦਿਨ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਜ਼ਿਆਦਾਤਰ ਸ਼ਹਿਰਾਂ ਵਿਚ ਦਿਨ ਦਾ ਤਾਪਮਾਨ ਅੱਠ ਤੋਂ ਦਸ ਡਿਗਰੀ ਘੱਟ ਰਿਹਾ। ਉਧਰ ਦਿਨ ਤੇ ਰਾਤ ਦੇ ਤਾਪਮਾਨ ਵਿਚ ਮਹਿਜ਼ ਦੋ ਤੋਂ ਤਿੰਨ ਡਿਗਰੀ ਦਾ ਫ਼ਰਕ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਬਠਿੰਡਾ ਤੇ ਗੁਰਦਾਸਪੁਰ ਦਾ ਤਾਪਮਾਨ 6.8 ਡਿਗਰੀ ਸੈਲਸੀਅਸ ਰਿਹਾ ਜਦਕਿ ਮੁਹਾਲੀ ਦਾ ਤਾਪਮਾਨ 5.4 ਡਿਗਰੀ, ਹੁਸ਼ਿਆਰਪੁਰ ਦਾ 3.4, ਅੰਮ੍ਰਿਤਸਰ ਦਾ 5.6, ਪਟਿਆਲੇ ਦਾ 4.8 ਤੇ ਬਠਿੰਡੇ ਦਾ ਤਾਪਮਾਨ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਗਲ਼ੀ 'ਚ ਖੜ੍ਹੇ ਹੋਣ ਨੂੰ ਲੈ ਕੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ

ਉਧਰ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਸੂਬੇ ਦੇ ਕਈ ਜ਼ਿਲ੍ਹਿਆਂ ਲਈ ਮੁੜ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਬੁੱਧਵਾਰ ਵੀ ‘ਕੋਲਡ ਡੇ’ ਤੇ ‘ਸੀਵੀਅਰ ਕੋਲਡ ਡੇ’ ਰਹਿਣ ਦੀ ਸੰਭਾਵਨਾ ਹੈ। ਮੌਸਮ ਦੇ ਮਿਜ਼ਾਜ ਦੇ ਮੱਦੇਨਜ਼ਰ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੂਰ ਦੀ ਯਾਤਰਾ ਕਰਨ ਤੋਂ ਬਚਣ।

Related Post