ਜਲੰਧਰ: ਲੋਕਾਂ ਨੇ ਚੋਰ ਨੂੰ ਫੜ ਪਾਏ ਫੁੱਲਾਂ ਦੇ ਹਾਰ; ਕਹਿੰਦੇ 'ਪੁਲਿਸ ਆਖਦੀ ਹੈ ਵੀ ਕੁੱਟਣਾ ਨਹੀਂ'

By  Jasmeet Singh August 21st 2023 04:47 PM -- Updated: August 21st 2023 04:51 PM

Jalandhar News: ਜਲੰਧਰ ਦੇ ਭਾਰਗਵ ਕੈਂਪ 'ਚ 15 ਦਿਨ ਪਹਿਲਾਂ ਇੱਕ ਬਾਈਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਮਗਰੋਂ ਪੁਲਿਸ 'ਚ ਰਿਪੋਰਟ ਦਰਜ ਕਰਵਾਈ ਗਈ ਪਰ ਸ਼ਿਕਾਇਤ 'ਤੇ ਕਾਰਵਾਈ ਨਾ ਹੁੰਦੀ ਵੇਖ ਲੋਕਾਂ ਨੇ ਆਪਣੇ ਬਲਬੂਤੇ ਹੀ ਚੋਰ ਫੜ ਲਿਆ। ਹੋਰ ਤੇ ਹੋਰ ਚੋਰ ਦੀ ਛਿੱਤਰ ਪਰੇਡ ਕਰਨ ਦੀ ਬਜਾਏ ਲੋਕਾਂ ਨੇ ਉਸਦਾ ਫੁੱਲਾਂ ਦੀਆਂ ਮਾਲਾਵਾਂ ਨਾਲ ਸਨਮਾਨ ਕੀਤਾ। 

ਇਲਾਕਾ ਵਾਸੀਆਂ ਦਾ ਕਹਿਣਾ ਕਿ ਜਦੋਂ ਅਸੀਂ ਚੋਰ ਨੂੰ ਕਾਬੂ ਕੀਤਾ ਅਤੇ ਦੋ ਚਾਰ ਚਪੇੜਾਂ ਉਸਦੇ ਧਰੀਆਂ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਪਰ ਉਲਟਾ ਪੁਲਿਸ ਨੇ ਉਨ੍ਹਾਂ ਨੂੰ ਇਸ 'ਤੇ ਦਬਕਾ ਮਾਰਿਆ ਵੀ ਉਨ੍ਹਾਂ ਚੋਰ ਦਾ ਕੁਟਾਪਾ ਕਿਉਂ ਚੜ੍ਹਿਆ ਜਿਸ ਮਗਰੋਂ ਹੁਣ ਉਹ ਚੋਰ ਨੂੰ ਸਨਮਾਨਿਤ ਕਰ ਰਹੇ ਹਨ, ਕਿਉਂਕਿ ਪੁਲਿਸ ਦਾ ਕਹਿਣਾ ਕਿ ਚੋਰ ਨੂੰ ਮਾਰਿਆ ਕਿਉਂ? ਇਸੇ ਲਈ ਚੋਰ ਨੂੰ ਫੁੱਲਾਂ ਦੀਆਂ ਮਾਲਾਵਾਂ ਪਹਿਨਾਈਆਂ ਗਈਆਂ। 

ਦੱਸ ਦੇਈਏ ਕਿ ਫੜੇ ਗਏ ਚੋਰ ਦੀ ਪਛਾਣ ਭਾਰਗਵ ਕੈਂਪ ਦੇ ਹੀ ਤਿਲਕ ਨਗਰ ਵਾਸੀ ਰੋਹਿਤ ਵਜੋਂ ਹੋਈ ਹੈ। ਜਿਸ ਨੂੰ ਪੁਲਿਸ ਨੇ ਦੇਰ ਰਾਤ ਹਿਰਾਸਤ ਵਿੱਚ ਲੈ ਲਿਆ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।


ਪੀੜਤ ਭਾਰਗਵ ਕੈਂਪ ਦੇ ਵਸਨੀਕ ਸਾਜਨ ਨੇ ਮੀਡੀਆ ਨੂੰ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਸ ਦੇ ਇੱਕ ਦੋਸਤ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਜਿਸ ਸਬੰਧੀ ਮਾਮਲੇ ਦੀ ਸ਼ਿਕਾਇਤ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਦਿੱਤੀ ਗਈ। ਉਨ੍ਹੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਵੀ ਦਰਜ ਨਹੀਂ ਕੀਤਾ। 

ਸਾਜਨ ਨੇ ਦੱਸਿਆ ਕਿ ਉਸਨੇ ਖੁਦ ਪੁਲਿਸ ਨੂੰ ਮੁਲਜ਼ਮ ਦੀ ਸੀ.ਸੀ.ਟੀ.ਵੀ. ਫੁਟੇਜ, ਉਸਦੀ ਪਹਿਚਾਣ ਅਤੇ ਘਰ ਦਾ ਪਤਾ ਵੀ ਦੱਸਿਆ, ਪਰ ਫਿਰ ਵੀ ਪੁਲਿਸ ਮਾਮਲੇ ਨੂੰ ਟਾਲਦੀ ਰਹੀ। ਸਾਜਨ ਨੇ ਦੱਸਿਆ ਕਿ ਉਹ ਕਈ ਵਾਰ ਖੁਦ ਮੁਲਜ਼ਮ ਦੇ ਘਰ ਗਿਆ ਪਰ ਉਹ ਘਰ ਨਹੀਂ ਮਿਲਿਆ। 

ਐਤਵਾਰ ਰਾਤ ਉਕਤ ਚੋਰ ਸਾਜਨ ਅਤੇ ਉਸ ਦਾ ਦੋਸਤ ਭਾਰਗਵ ਕੈਂਪ ਨੇੜੇ ਮਿਲੇ। ਜਿਸ ਤੋਂ ਬਾਅਦ ਉਨ੍ਹਾਂ ਚੋਰ ਨੂੰ ਫੁੱਲਾਂ ਦੀ ਮਾਲਾ ਪਾ ਦਿੱਤੀ ਗਈ। ਇਸ ਮੌਕੇ ਫੜੇ ਗਏ ਮੁਲਜ਼ਮ ਰੋਹਿਤ ਨੇ ਮੰਨਿਆ ਕਿ ਉਹ ਹੁਣ ਤੱਕ ਦੋ ਬਾਈਕ ਚੋਰੀ ਕਰ ਚੁੱਕਾ ਹੈ। ਇੱਕ ਬਾਈਕ ਭਾਰਗਵ ਕੈਂਪ ਅਤੇ ਦੂਜੀ ਬਸਤੀ ਇਲਾਕੇ ਦੀ ਸੀ। 



ਚੋਰ ਨੇ ਇਹ ਵੀ ਮੰਨਿਆ ਕਿ ਉਸ ਨੇ ਘਾਸ ਮੰਡੀ ਦੇ ਇੱਕ ਸਕਰੈਪ ਡੀਲਰ ਨੂੰ 3500 ਵਿੱਚ ਸਾਈਕਲ ਵੇਚ ਦਿੱਤਾ। ਮੁਲਜ਼ਮ ਨੇ ਮੰਨਿਆ ਕਿ ਉਸ ਦੇ ਨਾਲ ਦੀਪ ਨਾਂ ਦਾ ਨੌਜਵਾਨ ਵੀ ਸੀ। ਮੁਲਜ਼ਮ ਨੇ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ, ਜਿਸ ਕਾਰਨ ਉਹ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਪਹਿਲਾਂ ਉਹ ਕਿਸੇ ਦਾ ਕੋਲ ਕੰਮ ਕਰਦਾ ਸੀ ਪਰ ਫਿਰ ਨਸ਼ਾ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗਵ ਕੈਂਪ ਦੀ ਪੁਲਿਸ ਪਾਰਟੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਮੌਕੇ 'ਤੇ ਪਹੁੰਚੇ ਏ.ਐੱਸ.ਆਈ ਗੋਪਾਲ ਸ਼ਰਮਾ ਨੇ ਦੱਸਿਆ ਕਿ ਲੋਕਾਂ ਦੇ ਇਲਜ਼ਾਮਾਂ ਦੇ ਆਧਾਰ 'ਤੇ ਉਕਤ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰੀ ਦਾ ਸਮਾਨ ਬਰਾਮਦ ਕਰਕੇ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ।

Related Post