ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਸੁਰੱਖਿਆ ਦਾ ਮੁੜ ਭਖਿਆ, PCMS ਐਸੋਸੀਏਸ਼ਨ ਨੇ ਲਿਖਿਆ ਪੱਤਰ

ਪੀਸੀਐਮਐਸਏ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਕਿ ਅਸੀਂ ਆਪਣੇ ਵਿਭਾਗ ਦੇ ਮੰਤਰੀ ਦੇ ਭਰੋਸੇ ਤੇ ਹੜਤਾਲ ਵਾਪਸ ਲਈ ਸੀ ਤੇ ਹੁਣ ਆਸ ਕਰਦੇ ਹਾਂ ਕਿ ਉਹ ਆਪਣਾ ਭਰੋਸਾ ਬਰਕਰਾਰ ਰੱਖਣਗੇ।

By  KRISHAN KUMAR SHARMA October 23rd 2024 03:10 PM

ਲੁਧਿਆਣਾ : ਪਿਛਲੇ ਦੋ ਦਿਨਾਂ ਵਿੱਚ ਜਲੰਧਰ ਅਤੇ ਮੋਹਾਲੀ ਵਿਖੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ ਉੱਤੇ ਹੋਏ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਭੜਕ ਗਿਆ ਹੈ। ਜਲੰਧਰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਗਾਲੀ-ਗਲੋਚ ਅਤੇ ਕੁੱਟਮਾਰ ਦੀ ਘਟਨਾ ਪਿੱਛੋਂ ਫਿਰ ਪ੍ਰਕਾਰ ਪ੍ਰਸ਼ਾਸਕੀ ਪ੍ਰਬੰਧ ਢਿੱਲੇ ਨਜ਼ਰ ਆਏ ਅਤੇ ਐਫਆਈਆਰ ਕਰਨ ਵਿੱਚ ਵੀ ਸਮਾਂ ਲੱਗਿਆ, ਜਿਸ ਕਾਰਨ ਫਿਰ ਤੋਂ ਨੌਬਤ ਸੇਵਾਵਾਂ ਬੰਦ ਕਰਨ ਦੀ ਆ ਗਈ। ਹਾਲਾਂਕਿ ਹੁਣ ਦੋਵੇਂ ਘਟਨਾਵਾਂ ਵਿੱਚ ਮੁਲਜ਼ਮਾਂ ਤੇ ਪਰਚੇ ਦਰਜ ਹੋ ਗਏ ਹਨ ਅਤੇ ਪੁਲਿਸ ਵੱਲੋਂ ਪੜਤਾਲ ਜਾਰੀ ਹੈ। 

ਗੌਰਤਲਬ ਹੈ ਕਿ ਪਿਛਲੇ ਮਹੀਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ ਤੇ ਹਮਲਿਆ ਦੀਆਂ  ਘਟਨਾਵਾਂ ਤੋਂ ਬਾਅਦ ਹੋਈ ਹੜਤਾਲ ਵਿੱਚ ਡਾਕਟਰਾਂ ਨੂੰ ਮਨਾਉਣ ਲਈ ਸਿਹਤ ਮੰਤਰੀ ਨੇ ਭਰੋਸੇ ਦਿੱਤੇ ਸਨ ਕਿ ਸਮਾਂ ਬਦ ਤਰੀਕੇ ਨਾਲ ਇਕ ਮਹੀਨੇ ਦੇ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਪਰ ਹੁਣ ਤਾਜੀਆਂ ਘਟਨਾਵਾਂ ਨੇ ਇਸ ਸਬੰਧੀ ਢਿੱਲ ਨੇ ਸਰਕਾਰ ਦੀ ਪੋਲ ਖੋਲ ਦਿੱਤੀ ਹੈ।

ਇਸ ਸਬੰਧੀ ਡਾਕਟਰਾਂ ਦੀ ਐਸੋਸੀਏਸ਼ਨ ਪੀਸੀਐਮਐਸਏ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਕਿ ਅਸੀਂ ਆਪਣੇ ਵਿਭਾਗ ਦੇ ਮੰਤਰੀ ਦੇ ਭਰੋਸੇ ਤੇ ਹੜਤਾਲ ਵਾਪਸ ਲਈ ਸੀ ਤੇ ਹੁਣ ਆਸ ਕਰਦੇ ਹਾਂ ਕਿ ਉਹ ਆਪਣਾ ਭਰੋਸਾ ਬਰਕਰਾਰ ਰੱਖਣਗੇ। ਅਸੀਂ ਇਸ ਸਬੰਧੀ ਜੋ 11 ਸਤੰਬਰ ਦੀ ਮੀਟਿੰਗ ਵਿੱਚ ਤੈਅ ਹੋਇਆ ਸੀ, ਜਿਸ ਵਿੱਚ ਸੁਰੱਖਿਆ ਗਾਰਡ ਸਮੇਤ ਹੋਰ ਪ੍ਰਬੰਧ ਇੱਕ ਹਫ਼ਤੇ ਵਿੱਚ ਵਿੱਚ ਪੂਰੇ ਕਰ ਲਏ ਜਾਣ ਦਾ ਯਕੀਨ ਦਵਾਇਆ ਗਿਆ ਸੀ ਉਸ ਤੇ ਗੱਲਬਾਤ ਕਰਨ ਲਈ ਵਿਭਾਗ ਦੇ ਪ੍ਰਬੰਧਕੀ ਸਕੱਤਰ ਤੋਂ ਸਮਾਂ ਵੀ ਮੰਗਿਆ ਹੈ।

ਵਿਭਾਗ ਨੂੰ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਢਿੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹੀ ਕੋਈ ਘਟਨਾ ਵਿੱਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ, ਜਿਸ ਦੇ ਨਤੀਜੇ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰ ਰਹੇ ਡਾਕਟਰ ਹੋਰ ਹਤਾਸ਼ ਹੋ ਜਾਣਗੇ, ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਮਾਹਿਰ ਡਾਕਟਰ ਸਰਕਾਰੀ ਹਸਪਤਾਲ ਛੱਡ ਕੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੀਟਿੰਗ ਵਿੱਚ ਕੀਤੇ ਵਾਅਦਿਆਂ ਮੁਤਾਬਕ ਤਰੱਕੀਆਂ ਦੇ ਮੁੱਦੇ ਤੇ ਵੀ ਕੋਈ ਠੋਸ ਕਦਮ ਨਹੀਂ ਚੁੱਕੇ ਗਏ।

Related Post