PAU ਮਾਹਿਰਾਂ ਨੇ ਕਣਕ ਦੀ ਬਿਜਾਈ ਕਰਨ ਦੀ ਕੀਤੀ ਇਹ ਸਿਫਾਰਿਸ਼

By  Pardeep Singh November 9th 2022 06:44 PM

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਂ ਤਕਨੀਕ ਵਿਕਸਤ ਕੀਤੀ ਹੈ ਜਿਸ ਨਾਲ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਇੱਕੋ ਸਮੇਂ ਕੀਤੀ ਜਾ ਸਕਦੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਇਸ ਤਕਨੀਕ ਵਿਚ ਕੰਬਾਈਨ ਦੇ ਨਾਲ਼ ਇੱਕ ਅਟੈਚਮੈਂਟ ਫਿਟ ਕੀਤੀ ਗਈ ਹੈ, ਜਿਸ ਨਾਲ਼ ਝੋਨੇ ਦੀ ਕਟਾਈ ਸਮੇਂ ਕਣਕ ਦਾ ਬੀਜ ਅਤੇ ਖਾਦ ਨਾਲੋਂ ਨਾਲ ਖੇਤ ਵਿੱਚ ਕੇਰੀ ਜਾਂਦੀ ਹੈ। ਬਾਅਦ ਵਿੱਚ ਖੇਤ ਵਿੱਚ ਤਿੰਨ ਚਾਰ ਇੰਚ ਉੱਚਾ ਛੱਡ ਕੇ ਇੱਕ ਵਾਰ ਕਟਰ –ਕਮ-ਸਪਰੈਡਰ ਮਾਰ ਦਿੱਤਾ ਜਾਂਦਾ ਹੈ ਅਤੇ ਪਾਣੀ ਲਗਾ ਦਿੱਤਾ ਜਾਂਦਾ ਹੈ। ਬਿਜਾਈ ਲਈ 45 ਕਿਲੋ ਸੋਧਿਆ ਹੋਇਆ ਬੀਜ ਅਤੇ 65 ਕਿਲੋ ਡੀ.ਏ.ਪੀ ਦੀ ਵਰਤੋਂ ਕੀਤੀ ਜਾਂਦੀ ਹੈ। 

ਜੇਕਰ ਕੰਬਾਈਨ ਅਟੈਚਮੈਂਟ ਫਿੱਟ ਨਾ ਕੀਤੀ ਹੋਵੇ ਤਾਂ ਝੋਨੇ ਦੀ ਕਟਾਈ ਦੇ ਬਾਅਦ ਕਣਕ ਦਾ ਬੀਜ ਅਤੇ ਡੀ.ਏ.ਪੀ ਖਾਦ ਦਾ ਹੱਥੀ ਇਕਸਾਰ ਛੱਟਾ ਮਾਰ ਕੇ ਬਾਅਦ ਵਿੱਚ ਕਟਰ ਚਲਾ ਕੇ ਪਾਣੀ ਲਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਢੰਗ ਨਾਲ ਬੀਜੀ ਕਣਕ ਦੇ ਰਵਾਇਤੀ ਢੰਗਾਂ ਨਾਲੋਂ ਕਾਫੀ ਫਾਇਦੇ ਹਨ।ਜਿਵੇਂ ਕਿ  ਇੱਕ ਏਕੜ ਵਿੱਚ ਪਰਾਲੀ ਸਾਂਭਨ ਅਤੇ ਬਿਜਾਈ ਕਰਨ ਤੇ ਸਿਰਫ 650 ਰੁਪਏ ਖਰਚ ਆਉਦਾ ਹੈ ਜੋ ਕਿ ਰਵਾਇਤੀ ਢੰਗ ਤਰੀਕਿਆਂ ਨਾਲੋਂ 3-4 ਗੁਣਾਂ ਸਸਤਾ ਹੈ। ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਬਹੁਤ ਸੁਖਾਲੀ ਅਤੇ ਸਮੇਂ ਸਿਰ ਹੋ ਜਾਂਦੀ ਹੈ। 

 ਝੋਨੇ ਦੀ ਪਰਾਲੀ ਖੇਤ ਵਿੱਚ ਰਹਿਣ ਕਰਕੇ  ਖੇਤ ਦੀ ਪੈਦਾਵਾਰ ਵਧਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੀ ਵਾਤਾਵਰਨ ਪੱਖੀ ਸਾਂਭ ਸੰਭਾਲ ਕਰਨ ਅਤੇ ਕਣਕ ਦੀ ਬਿਜਾਈ ਕਰਨ ਲਈ ਨਵੇਂ ਤਰੀਕੇ ਨੂੰ ਅਪਣਾਉਣਾ ਚਾਹੀਦਾ ਹੈ। ਇਸ ਨਾਲ ਖਰਚ ਵੀ ਘਟੇਗਾ ਅਤੇ ਵਾਤਾਵਰਨ ਨੂੰ ਚੰਗੇਰਾ ਬਣਾਉਣ ਵਿੱਚ ਵੀ ਮੱਦਦ ਮਿਲੇਗੀ।

ਇਹ ਵੀ ਪੜ੍ਹੋ: ਰਜਿੰਦਰ ਸਿੰਘ ਧਾਮੀ ਮੁੜ ਬਣੇ SGPC ਦੇ ਪ੍ਰਧਾਨ

Related Post