ਪਟਿਆਲਾ: ਯੂਨੀਵਰਸਿਟੀ ਧਰਨੇ 'ਚ ਪੁੱਜਿਆ ਮ੍ਰਿਤਕ ਵਿਦਿਆਰਥਣ ਦਾ ਪਰਿਵਾਰ
ਪਟਿਆਲਾ: ਵਿਦਿਆਰਥਣ ਦੀ ਮੌਤ ਤੋਂ ਬਾਅਦ ਧਰਨੇ 'ਚ ਪ੍ਰੋਫੈਸਰ ਦੀ ਕੁੱਟਮਾਰ ਤੋਂ ਅਗਲੇ ਦਿਨ ਵੀ ਵਿਦਿਆਰਥੀਆਂ ਦਾ ਧਰਨਾ ਵਾਈਸ ਚਾਂਸਲਰ ਦਫ਼ਤਰ ਅੱਗੇ ਜਾਰੀ ਹੈ। ਸ਼ੁਕਰਵਾਰ ਨੂੰ ਇਸ ਧਰਨੇ ਵਿੱਚ ਮ੍ਰਿਤਕ ਵਿਦਿਆਰਥਣ ਦਾ ਪਰਿਵਾਰ ਤੇ ਪਿੰਡ ਦੇ ਲੋਕ ਵੀ ਪੁੱਜੇ। ਜਿਨ੍ਹਾਂ ਨੇ ਪ੍ਰੋਫੈਸਰ ਨੂੰ ਬਰਖਾਸਤ ਕਰਕੇ ਉਸ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ।
ਵਿਦਿਆਰਥੀ ਜਥੇਬੰਦੀਆਂ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜਸ਼ਨਦੀਪ ਕੌਰ ਲਈ ਸਾਥੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦੇਖ ਕੇ ਉਹ ਅੱਜ ਇੱਥੇ ਪੁੱਜੇ ਹਨ ਤੇ ਇਸ ਸੰਘਰਸ਼ ਵਿੱਚ ਵਿਦਿਆਰਥੀਆਂ ਦਾ ਪੂਰਾ ਸਾਥ ਦੇਣਗੇ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਵਿਦਿਆਰਥਣ ਦੀ ਮੌਤ ਮਗਰੋਂ ਵਿਦਿਆਰਥੀਆਂ ਵੱਲੋਂ ਆਰੋਪੀ ਪ੍ਰੋਫ਼ੈਸਰ ਦੀ ਕੁੱਟਮਾਰ
ਉੱਥੇ ਹੀ ਮੌਕੇ 'ਤੇ ਮੌਜੂਦ ਸਿੱਖ ਸਟੂਡੈਂਟਸ ਫ੍ਰੇਡਰੇਸ਼ਨ ਦੇ ਆਗੂ ਜੁਗਰਾਜ ਸਿੰਘ ਨੇ PTC ਨਾਲ ਗਲਬਾਤ ਕਰਦਿਆਂ ਕਿਹਾ, "ਅਸੀਂ ਖ਼ੁਦ ਮ੍ਰਿਤਕ ਵਿਦਿਆਰਥਣ ਦੀ ਪੀੜਾ ਨੂੰ ਮਹਿਸੂਸ ਕਰ ਰਹੇ ਹਾਂ। ਅੱਜ ਦੇ ਵਿਦਿਆ ਤੰਤਰ ਦਾ ਮਾਹੌਲ ਇਹੋ ਜਿਹਾ ਬਣ ਗਿਆ ਕਿ ਜਿਨ੍ਹੇ ਵੀ ਪ੍ਰੋਫੈਸ਼ਨ ਨੇ ਇਹ ਸਰਕਾਰਾਂ ਦੇ ਕੋਲੀ ਚੱਟ ਬਣ ਚੁੱਕੇ ਨੇ, ਇਹ ਅਥਾਰਟੀਆਂ ਦੇ ਕੋਲੀ ਚੱਟ ਨੇ ਅਤੇ ਅਥਾਰਟੀਆਂ ਇਨ੍ਹਾਂ ਦੀ ਪੁਸ਼ਤਪਨਾਹੀ ਕਰਦਿਆਂ ਹਨ।"
ਜੁਗਰਾਜ ਸਿੰਘ ਨੇ ਅੱਗੇ ਕਿਹਾ ਕਿ ਕੱਲ ਵਾਪਰੀ ਘਟਨਾ ਲਈ ਯੂਨੀਵਰਸਿਟੀ ਪ੍ਰਸ਼ਾਸ਼ਨ ਹੀ ਜ਼ਿੰਮੇਵਾਰ ਹੈ। ਵਰਸਿਟੀ ਚਾਹੁੰਦੀ ਤਾਂ ਪ੍ਰੋਫੈਸਰ ਨੂੰ ਵਿਦਿਆਰਥੀਆਂ ਸਾਹਮਣੇ ਨਾ ਲਿਆ ਕੇ ਇਸ ਘਟਨਾ ਨੂੰ ਟਾਲ ਸਕਦੀ ਸੀ ਪਰ ਅਜਿਹਾ ਨਾ ਕਰਕੇ ਵੱਡੀ ਗਲਤੀ ਕੀਤੀ ਹੈ। ਇਸ ਘਟਨਾ ਲਈ ਕੋਈ ਵੀ ਵਿਦਿਆਰਥੀ ਜਿੰਮੇਵਾਰ ਨਹੀਂ ਹੈ ਤੇ ਨਾ ਹੀ ਇਹਨਾ ਖ਼ਿਲਾਫ਼ ਕੋਈ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ, "ਜਦੋਂ ਵਿਦਿਆਰਥੀਆਂ ਨੂੰ ਕੋਈ ਇਨਸਾਫ਼ ਮਿਲਦਾ ਨਹੀਂ ਵਿਖਿਆ ਇਸੀ ਲਈ ਤਾਂ ਵਿਦਿਆਰਥੀਆਂ ਨੂੰ ਇਹ ਕਦਮ ਚੁੱਕਣਾ ਪਿਆ। ਇਹ ਸੁਰਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਬੱਚਿਆਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਭੇਜੀਆਂ, ਕਈਆਂ ਦੀ ਇਹ ਡਿਗਰੀਆਂ ਵੀ ਰੋਲ ਚੁੱਕਿਆ।"
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਦਿਆਰਥੀਆਂ ਦੀ ਸਮੱਸਿਆ ਨੂੰ ਜਾਣੇ ਬਿਨਾਂ ਵਰਸਿਟੀ ਦੀ ਇਕਤਰਫਾ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਧਰਨੇ ਵਿੱਚ ਪੁੱਜੇ ਤੇ ਉਨ੍ਹਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫਿਲਹਾਲ ਕੁਝ ਕਹਿਣ ਤੋਂ ਇੰਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ, "ਜਾਂਚ ਪੜਤਾਲ ਕਮੇਟੀ ਦੀ ਜੋ ਵੀ ਰਿਪੋਰਟ ਸਾਨੂੰ ਦਿੱਤੀ ਜਾਵੇਗੀ ਉਸ ਮੁਤਾਬਕ ਅਗਲੀ ਬਣਦੀ ਕਰਵਾਈ ਕੀਤੀ ਜਜਵੇਗੀ।"
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਵਿਦਿਆਰਥਣ ਦੀ ਮੌਤ ਮਗਰੋਂ ਵਿਦਿਆਰਥੀਆਂ ਵੱਲੋਂ ਆਰੋਪੀ ਪ੍ਰੋਫ਼ੈਸਰ ਦੀ ਕੁੱਟਮਾਰ
ਉੱਥੇ ਹੀ ਇਸ ਮਾਮਲੇ 'ਤੇ SHO ਅਮਨਦੀਪ ਸਿੰਘ ਜੋ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਦੱਸਿਆ, "ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੜਤਾਲ ਕਮੇਟੀ ਦਾ ਗਠਨ ਹੋਇਆ, ਅਸੀਂ ਉਸ ਦੀ ਉਡੀਕ ਕਰ ਰਹੇ ਹਾਂ। ਇਸ ਦੇ ਨਾਲ ਹੀ ਮ੍ਰਿਤਕ ਬੇਟੀ ਦੇ ਘਰ ਆਲੇ ਵੀ ਇੱਥੇ ਪੁਜੇ ਨੇ ਅਤੇ ਅਸੀਂ ਉਨ੍ਹਾਂ ਨੂੰ ਵੀ ਦੱਸਿਆ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।"
- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ