Pathankot News : ਪਠਾਨਕੋਟ 'ਚ ਮੁੜ ਦੇਖੇ ਗਏ 7 ਸ਼ੱਕੀ, ਪੁਲਿਸ ਨੇ ਜਾਰੀ ਕੀਤਾ ਸਕੈਚ

Pathankot News : ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਅਰੰਭ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਸ਼ੱਕੀਆਂ ਨੂੰ ਪਿੰਡ ਫੰਗਤੋਲੀ ਵਿਖੇ ਵੇਖਿਆ ਗਿਆ ਹੈ। ਸ਼ੱਕੀਆਂ ਨੂੰ ਪਿੰਡ ਦੀ ਇੱਕ ਔਰਤ ਨੇ ਵੇਖਿਆ ਦੱਸਿਆ ਜਾ ਰਿਹਾ ਹੈ, ਜਿਸ ਕੋਲੋਂ ਵਿਅਕਤੀਆਂ ਨੇ ਪੀਣ ਲਈ ਪਾਣੀ ਮੰਗਿਆ ਸੀ।

By  KRISHAN KUMAR SHARMA July 24th 2024 04:49 PM

Pathankot Police : ਪਠਾਨਕੋਟ 'ਚ ਦੇਰ ਰਾਤ 7 ਸ਼ੱਕੀ ਵਿਅਕਤੀਆਂ ਦੇ ਵੜਨ ਦੀ ਖ਼ਬਰ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਅਰੰਭ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਸ਼ੱਕੀਆਂ ਨੂੰ ਪਿੰਡ ਫੰਗਤੋਲੀ ਵਿਖੇ ਵੇਖਿਆ ਗਿਆ ਹੈ। ਸ਼ੱਕੀਆਂ ਨੂੰ ਪਿੰਡ ਦੀ ਇੱਕ ਔਰਤ ਨੇ ਵੇਖਿਆ ਦੱਸਿਆ ਜਾ ਰਿਹਾ ਹੈ, ਜਿਸ ਕੋਲੋਂ ਵਿਅਕਤੀਆਂ ਨੇ ਪੀਣ ਲਈ ਪਾਣੀ ਮੰਗਿਆ ਸੀ।

ਪੁਲਿਸ ਨੇ ਔਰਤ ਦੀ ਜਾਣਕਾਰੀ ਦੇ ਆਧਾਰ 'ਤੇ ਇੱਕ ਸ਼ੱਕੀ ਦਾ ਸਕੈਚ ਵੀ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਸੀਮਾ ਦੇਵੀ ਨੇ ਦੱਸਿਆ ਕਿ ਜੰਗਲ ਵਾਲੇ ਪਾਸਿਓਂ ਕੁਝ ਲੋਕ ਉਸ ਦੇ ਘਰ ਅੰਦਰ ਦਾਖਲ ਹੋਏ ਤੇ ਪੀਣ ਲਈ ਪਾਣੀ ਮੰਗਿਆ। ਉਹ ਪਾਣੀ ਪੀਣ ਤੋਂ ਬਾਅਦ ਫਿਰ ਜੰਗਲ ਵਿੱਚ ਵੜ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਪਿੰਡ ਦੇ ਆਲੇ-ਦੁਆਲੇ ਦੇ ਜੰਗਲਾਂ 'ਚ ਸ਼ੱਕੀਆਂ ਦੀ ਭਾਲ ਲਈ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।


ਦੱਸ ਦਈਏ ਕਿ ਇਸਤੋਂ ਪਹਿਲਾਂ ਪਿਛਲੇ ਦਿਨੀ ਪਠਾਨਕੋਟ 'ਚ ਸਰਕਾਰੀ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਪੋਸਟਰ ਮਿਲੇ ਸਨ। ਪੋਸਟਰਾਂ 'ਤੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਹਰੇ ਵੀ ਲਿਖੇ ਹੋਏ ਸਨ। ਇਹ ਇੱਕ ਕਾਪੀ ਦੇ ਚਿੱਟੇ ਪੰਨੇ ਵਰਗੇ ਸਨ, ਜਿਨ੍ਹਾਂ ਨੂੰ ਅਣਪਛਾਤਿਆਂ ਵੱਲੋਂ ਸੁੱਟਿਆ ਗਿਆ ਦੱਸਿਆ ਗਿਆ ਸੀ। ਇਨ੍ਹਾਂ ਉਪਰ 'ਪਾਕਿਸਤਾਨ ਜਿੰਦਾਬਾਦ' ਲਿਖਿਆ ਹੋਇਆ ਸੀ ਅਤੇ ਪਠਾਨਕੋਟ ਸਮੇਤ ਹੋਰ ਕਈ ਥਾਂਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਲਿਖੀ ਗਈ ਸੀ।

ਇਸ ਸਬੰਧੀ ਡੀਐਸਪੀ ਸਮੀਰ ਸਿੰਘ ਮਾਨ ਨੇ ਦੱਸਿਆ ਕਿ ਕੱਲ੍ਹ ਸ਼ਾਮ 7 ਵਜੇ ਦੇ ਕਰੀਬ 7 ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੇ ਆਧਾਰ 'ਤੇ ਅਸੀਂ ਤਲਾਸ਼ੀ ਮੁਹਿੰਮ ਚਲਾ ਰਹੇ ਹਾਂ। ਇਹ ਲੋਕ ਮਜ਼ਦੂਰ ਵੀ ਹੋ ਸਕਦੇ ਹਨ ਕਿਉਂਕਿ ਪਿੱਛੇ ਜੰਗਲੀ ਖੇਤਰ ਹੈ ਤੇ ਉੱਥੇ ਮਜ਼ਦੂਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਨੂੰ ਦੇਖ ਕੇ ਕੰਮ ਕਰ ਰਹੇ ਹਾਂ। ਇਸ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਨਾ ਵਾਪਰੇ।

Related Post