ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਸ਼ਾਹਿਦ ਲਤੀਫ ਪਾਕਿਸਤਾਨ 'ਚ ਢੇਰ

By  Jasmeet Singh October 11th 2023 12:51 PM -- Updated: October 11th 2023 12:52 PM

ਪੀਟੀਸੀ ਵੈੱਬ ਡੈਸਕ: ਪਠਾਨਕੋਟ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ ਦੀ ਪਾਕਿਸਤਾਨ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਿਆਲਕੋਟ 'ਚ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਦੱਸ ਦੇਈਏ ਕਿ ਅੱਤਵਾਦੀ ਰਾਸ਼ਿਦ ਲਤੀਫ ਭਾਰਤ ਵਿੱਚ ਵੀ ਮੋਸਟ ਵਾਂਟਡ ਸੀ। 

ਭਾਰਤ ਸਰਕਾਰ ਨੇ ਉਸ ਨੂੰ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। NIA ਨੇ ਉਸਦੇ ਖਿਲਾਫ UAPA ਦੇ ਤਹਿਤ ਮਾਮਲਾ ਦਰਜ ਕੀਤਾ ਹੋਇਆ ਸੀ। ਦੱਸ ਦੇਈਏ ਕਿ ਸਾਲ 2016 'ਚ ਜੈਸ਼ ਦੇ ਅੱਤਵਾਦੀਆਂ ਨੇ ਪਠਾਨਕੋਟ ਦੇ ਏਅਰਬੇਸ 'ਤੇ ਹਮਲਾ ਕੀਤਾ ਸੀ। ਇਸ ਵਿੱਚ ਸੱਤ ਜਵਾਨ ਸ਼ਹੀਦ ਹੋ ਗਏ ਸਨ।



ਪਾਕਿਸਤਾਨੀ ਮੀਡੀਆ ਨੇ ਦਿੱਤੀ ਜਾਣਕਾਰੀ
ਪਾਕਿਸਤਾਨੀ ਮੀਡੀਆ ਮੁਤਾਬਕ ਸਿਆਲਕੋਟ ਦੇ ਬਾਹਰਵਾਰ ਇੱਕ ਮਸਜਿਦ ਵਿੱਚ ਅੱਤਵਾਦੀ ਸ਼ਾਹਿਦ ਦੀ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰ ਮੋਟਰਸਾਈਕਲ 'ਤੇ ਆਏ ਅਤੇ ਗੋਲੀ ਚਲਾ ਕੇ ਫ਼ਰਾਰ ਹੋ ਗਏ। ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

72 ਘੰਟੇ ਤੱਕ ਚੱਲਿਆ ਅੱਤਵਾਦੀਆਂ ਖ਼ਿਲਾਫ਼ ਆਪ੍ਰੇਸ਼ਨ
ਪਠਾਨਕੋਟ 'ਚ ਅੱਤਵਾਦੀ ਹਮਲੇ ਖ਼ਿਲਾਫ਼ 72 ਘੰਟੇ ਤੱਕ ਚੱਲੇ ਆਪ੍ਰੇਸ਼ਨ 'ਚ ਚਾਰ ਅੱਤਵਾਦੀ ਮਾਰੇ ਗਏ ਸਨ, ਬਾਅਦ ਵਿੱਚ ਪਾਕਿਸਤਾਨ ਨੇ ਉਨ੍ਹਾਂ ਦੀ ਲਾਸ਼ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਸ਼ਾਹਿਦ ਲਤੀਫ ਨੇ ਹੀ ਉਨ੍ਹਾਂ ਦਹਿਸ਼ਤਗਰਦਾਂ ਨੂੰ ਹਥਿਆਰ ਅਤੇ ਹੋਰ ਮਦਦ ਮੁਹੱਈਆ ਕਰਵਾਈ ਸੀ। ਲਤੀਫ ਨੂੰ 1996 'ਚ ਡਰੱਗ ਤਸਕਰੀ ਦੇ ਮਾਮਲੇ 'ਚ ਵੀ ਗ੍ਰਿਫਤਾਰ ਕੀਤਾ ਗਿਆ ਸੀ। ਮੌਲਾਨਾ ਮਸੂਦ ਅਜ਼ਹਰ ਦੇ ਹੁਕਮਾਂ 'ਤੇ ਉਸ ਨੇ ਪਠਾਨਕੋਟ 'ਚ ਹਮਲੇ ਦੀ ਯੋਜਨਾ ਤਿਆਰ ਕੀਤੀ ਸੀ।

ਕੰਧਾਰ ਜਹਾਜ਼ ਹਾਈਜੈਕ ਦੌਰਾਨ ਭਾਰਤ ਨੇ ਛੱਡਿਆ
ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਨੇ ਲਤੀਫ ਨੂੰ ਛੁਡਾਉਣ ਦੀ ਯੋਜਨਾ ਬਣਾਈ ਸੀ। ਕੰਧਾਰ ਜਹਾਜ਼ ਹਾਈਜੈਕ ਦੌਰਾਨ ਵੀ ਅੱਤਵਾਦੀਆਂ ਨੇ ਉਸ ਦੀ ਰਿਹਾਈ ਦੀ ਮੰਗ ਕੀਤੀ ਸੀ। ਮਸੂਦ ਅਜ਼ਹਰ ਨੂੰ ਉਸ ਸਮੇਂ 189 ਯਾਤਰੀਆਂ ਦੇ ਬਦਲੇ ਰਿਹਾਅ ਕੀਤਾ ਗਿਆ ਸੀ। ਸਾਲ 2010 ਵਿੱਚ ਉਸ ਨੂੰ ਜੇਲ੍ਹ ਤੋਂ ਰਿਹਾਅ ਕਰ ਕੇ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਸ ਦੌਰਾਨ 20 ਹੋਰ ਦਹਿਸ਼ਤਗਰਦਾਂ ਨੂੰ ਵੀ ਭਾਰਤੀ ਨਾਕਰਿਕਾਂ ਦੀ ਜਾਨ ਬਚਾਉਣ ਦੇ ਬਦਲੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਨੂੰ ਸੌਂਪਿਆ ਗਿਆ ਸੀ। 

ਇਹ ਵੀ ਪੜ੍ਹੋ: ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਕੌਮੀ ਸ਼ਹਾਦਤ ਵਿੱਚ ਵਿਸ਼ੇਸ਼ ਸਰਧਾਂਜਲੀ, 50 ਸੀ.ਆਰ.ਪੀ.ਐੱਫ਼ ਮਹਿਲਾਵਾਂ ਵੱਲੋਂ ਕੀਤੀ ਜਾ ਰਹੀ ਮੋਟਰਸਾਈਕਲ ਰੈਲੀ

Related Post