Paris Paralympics : 16 ਸਾਲ ਦੀ ਸ਼ੀਤਲ ਨੇ ਰਚਿਆ ਇਤਿਹਾਸ, ਤੋੜਿਆ ਵਿਸ਼ਵ ਰਿਕਾਰਡ, ਹੁਣ ਸੋਨ ਤਗ਼ਮੇ 'ਤੇ ਨਜ਼ਰ
ਭਾਰਤੀ ਤੀਰਅੰਦਾਜ਼ ਸ਼ੀਤਲ ਦੇਵੀ ਨੇ ਪੈਰਿਸ ਪੈਰਾਲੰਪਿਕ 'ਚ 703 ਅੰਕ ਹਾਸਲ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਹਾਲਾਂਕਿ, ਉਸਦਾ ਵਿਸ਼ਵ ਰਿਕਾਰਡ ਬਹੁਤਾ ਸਮਾਂ ਨਹੀਂ ਚੱਲ ਸਕਿਆ।
Paris Paralympics : ਪੈਰਿਸ ਪੈਰਾਲੰਪਿਕਸ 'ਚ ਭਾਰਤ ਦੀ ਸ਼ੀਤਲ ਦੇਵੀ ਨੇ ਇਤਿਹਾਸ ਰਚ ਦਿੱਤਾ ਹੈ। ਸ਼ੀਤਲ ਨੇ ਤੀਰਅੰਦਾਜ਼ੀ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 703 ਅੰਕ ਹਾਸਲ ਕਰਕੇ ਨਾ ਸਿਰਫ਼ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ, ਸਗੋਂ ਇੱਕ ਨਵਾਂ ਵਿਸ਼ਵ ਰਿਕਾਰਡ ਵੀ ਬਣਾਇਆ। ਸ਼ੀਤਲ ਦੇਵੀ ਨੇ ਪਹਿਲੇ ਗੇੜ ਵਿੱਚ 59, 59, 58, 56, 59, 57 ਦਾ ਸਕੋਰ ਬਣਾਇਆ ਜਦੋਂ ਕਿ ਦੂਜੇ ਹਾਫ ਵਿੱਚ ਉਸਨੇ 60, 57, 60, 59, 60, 59 ਦਾ ਸਕੋਰ ਬਣਾਇਆ। ਹੁਣ ਉਸ ਦੀ ਨਜ਼ਰ ਪੈਰਾਲੰਪਿਕ 'ਚ ਭਾਰਤ ਲਈ ਸੋਨ ਤਮਗਾ ਜਿੱਤਣ 'ਤੇ ਹੈ।
ਬਿਨਾਂ ਹੱਥਾਂ ਦੇ ਤੀਰਅੰਦਾਜ਼ੀ ਕਰਨ ਵਾਲੀ 16 ਸਾਲਾ ਸ਼ੀਤਲ ਦੇਵੀ ਨੇ ਮਹਿਲਾ ਵਿਅਕਤੀਗਤ ਕੰਪਾਊਂਡ ਤੀਰਅੰਦਾਜ਼ੀ ਦੀ ਯੋਗਤਾ ਵਿੱਚ ਸੰਭਾਵਿਤ 720 ਵਿੱਚੋਂ 703 ਅੰਕ ਹਾਸਲ ਕੀਤੇ। ਇਸ ਨਾਲ ਉਸ ਨੇ 698 ਅੰਕਾਂ ਦਾ ਪਿਛਲਾ ਵਿਸ਼ਵ ਰਿਕਾਰਡ ਤੋੜ ਦਿੱਤਾ। ਹਾਲਾਂਕਿ ਉਸ ਦਾ ਰਿਕਾਰਡ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਤੁਰਕੀਏ ਦੀ ਕਿਊਰੀ ਗਿਰਦੀ ਨੇ ਇੱਕ ਹੋਰ ਅੰਕ ਹਾਸਲ ਕਰਕੇ ਸ਼ੀਤਲ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ।
ਸ਼ੀਤਲ ਦਾ ਅਗਲਾ ਮੈਚ ਐਤਵਾਰ
ਸ਼ੀਤਲ ਦੇਵੀ ਓਵਰਆਲ ਰੈਂਕਿੰਗ ਰਾਊਂਡ ਵਿੱਚ ਦੂਜੇ ਸਥਾਨ ’ਤੇ ਰਹੀ। ਉਸ ਨੂੰ ਅਗਲੇ ਦੌਰ ਵਿੱਚ ਬਾਈ ਮਿਲ ਗਿਆ ਹੈ ਅਤੇ ਹੁਣ ਉਹ 31 ਅਗਸਤ ਨੂੰ ਰਾਤ 9 ਵਜੇ ਦੇ ਕਰੀਬ ਕੁਆਰਟਰ ਫਾਈਨਲ ਮੈਚ ਖੇਡੇਗੀ। ਇਸ ਈਵੈਂਟ 'ਚ ਭਾਰਤ ਦੀ ਸਰਿਤਾ ਵੀ ਹਿੱਸਾ ਲੈ ਰਹੀ ਹੈ। ਉਸ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 682 ਸਕੋਰ ਬਣਾਏ। ਸਰਿਤਾ 9ਵੇਂ ਸਥਾਨ 'ਤੇ ਰਹੀ। ਸਰਿਤਾ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਸ਼ੁੱਕਰਵਾਰ ਨੂੰ ਖੇਡੇਗੀ।
8 ਬੈਡਮਿੰਟਨ ਖਿਡਾਰੀ ਜੇਤੂ ਰਹੇ
ਭਾਰਤ ਨੇ ਪੈਰਿਸ ਪੈਰਾਲੰਪਿਕਸ ਲਈ ਸਭ ਤੋਂ ਵੱਡਾ ਦਲ ਭੇਜਿਆ ਹੈ, ਜਿਸ ਵਿੱਚ ਕੁੱਲ 84 ਖਿਡਾਰੀ ਸ਼ਾਮਲ ਹਨ। ਸ਼ੀਤਲ ਦੇਵੀ ਤੋਂ ਇਲਾਵਾ ਕਈ ਭਾਰਤੀ ਖਿਡਾਰੀਆਂ ਨੇ ਵੀਰਵਾਰ ਨੂੰ ਚੰਗਾ ਪ੍ਰਦਰਸ਼ਨ ਕੀਤਾ ਅਤੇ ਤਮਗਾ ਦੌਰ 'ਚ ਪ੍ਰਵੇਸ਼ ਕੀਤਾ। ਬੈਡਮਿੰਟਨ ਵਿੱਚ 8 ਭਾਰਤੀ ਖਿਡਾਰੀ ਜਿੱਤੇ। ਭਾਰਤੀ ਪੈਰਾ ਸ਼ਟਲਰ ਸੁਹਾਸ ਯਥੀਰਾਜ (SL4), ਸੁਕਾਂਤ ਕਦਮ (SL4), ਤਰੁਣ (SL4), ਨਿਤੀਸ਼ ਕੁਮਾਰ (SL3), ਪਲਕ ਕੋਹਲੀ (SL4), ਤੁਲਸੀਮਤੀ ਮੁਰੂਗੇਸਨ (SU5), ਮਨੀਸ਼ਾ ਰਾਮਦਾਸ (SU5) ਅਤੇ ਨਿਤਿਆ ਸ਼੍ਰੀ (SU5)। SH6) ਨੇ ਪਹਿਲੇ ਦੌਰ ਦੇ ਮੈਚ ਜਿੱਤੇ ਹਨ।
ਦੱਸ ਦੇਈਏ ਕਿ SL4 ਵਿੱਚ ਉਹ ਖਿਡਾਰੀ ਹਿੱਸਾ ਲੈਂਦੇ ਹਨ ਜਿਨ੍ਹਾਂ ਦੇ ਹੇਠਲੇ ਅੰਗਾਂ ਵਿੱਚ ਕਮਜ਼ੋਰੀ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਪੈਦਲ ਜਾਂ ਦੌੜਦੇ ਸਮੇਂ ਸੰਤੁਲਨ ਵਿੱਚ ਮਾਮੂਲੀ ਸਮੱਸਿਆ ਹੁੰਦੀ ਹੈ। SL3 ਖਿਡਾਰੀਆਂ ਦੇ ਸਰੀਰ ਦੇ ਇੱਕ ਹਿੱਸੇ ਵਿੱਚ ਖਰਾਬੀ ਹੁੰਦੀ ਹੈ। SU5 ਖਿਡਾਰੀਆਂ ਦੇ ਸਰੀਰ ਦੇ ਉਪਰਲੇ ਹਿੱਸੇ ਵਿੱਚ ਵਿਕਾਰ ਹਨ। SH 6 ਸ਼੍ਰੇਣੀ ਬੌਨੇ ਖਿਡਾਰੀਆਂ ਲਈ ਹੈ।
ਅੱਜ ਖੁੱਲ੍ਹ ਸਕਦੈ ਖਾਤਾ
ਭਾਰਤ ਦੇ ਘੱਟੋ-ਘੱਟ ਪੰਜ ਖਿਡਾਰੀ ਸ਼ੁੱਕਰਵਾਰ ਨੂੰ ਪੈਰਾਲੰਪਿਕ ਖੇਡਾਂ ਵਿੱਚ ਤਮਗਾ ਮੁਕਾਬਲੇ ਵਿੱਚ ਹਿੱਸਾ ਲੈਣਗੇ। ਜੇਕਰ ਭਾਰਤੀ ਖਿਡਾਰੀ ਉਮੀਦਾਂ ਮੁਤਾਬਕ ਪ੍ਰਦਰਸ਼ਨ ਕਰਦੇ ਹਨ ਤਾਂ ਸ਼ੁੱਕਰਵਾਰ ਨੂੰ ਤਮਗਾ ਸੂਚੀ 'ਚ ਭਾਰਤ ਦਾ ਖਾਤਾ ਖੁੱਲ੍ਹ ਜਾਵੇਗਾ।