Paris Olympics 2024 : ਮਨੂ ਭਾਕਰ ਨੇ ਰਚਿਆ ਇਤਿਹਾਸ, ਭਾਰਤ ਲਈ ਜਿੱਤਿਆ ਪਹਿਲਾ ਮੈਡਲ, ਪੀਐਮ ਮੋਦੀ ਨੇ ਦਿੱਤੀ ਵਧਾਈ
ਪੈਰਿਸ ਓਲੰਪਿਕ 2024 'ਚ ਭਾਰਤ ਦਾ ਮੈਡਲ ਖਾਤਾ ਖੁੱਲ੍ਹ ਗਿਆ ਹੈ। ਇਹ ਖਾਤਾ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਖੋਲ੍ਹਿਆ ਹੈ। ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
Manu Bhaker Paris Olympics 2024 : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਤਿਹਾਸ ਰਚ ਦਿੱਤਾ ਹੈ। ਉਸਨੇ ਪੈਰਿਸ ਓਲੰਪਿਕ 2024 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ ਹੈ। ਮਨੂ ਭਾਕਰ ਨਿਸ਼ਾਨੇਬਾਜ਼ੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂ ਭਾਕਰ ਦਾ ਇਸ ਮੈਡਲ ਤੱਕ ਦਾ ਸਫਰ ਆਸਾਨ ਨਹੀਂ ਰਿਹਾ।
ਮਨੂ ਭਾਕਰ ਦਾ ਇਹ ਦੂਜਾ ਓਲੰਪਿਕ ਹੈ। ਉਸਨੇ ਆਖਰੀ ਟੋਕੀਓ ਓਲੰਪਿਕ 2020 ਵਿੱਚ ਆਪਣੀ ਸ਼ੁਰੂਆਤ ਕੀਤੀ ਸੀ, ਪਰ 10 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ ਰਾਊਂਡ ਦੌਰਾਨ ਉਸਦੀ ਪਿਸਟਲ ਟੁੱਟ ਗਈ। ਇਸ ਕਾਰਨ ਉਹ ਪਿਛਲੀ ਵਾਰ ਤਮਗਾ ਨਹੀਂ ਜਿੱਤ ਸਕੀ ਸੀ। ਇਸ ਤੋਂ ਇਲਾਵਾ ਮਿਕਸਡ ਟੀਮ 10 ਮੀਟਰ ਪਿਸਟਲ ਅਤੇ 25 ਮੀਟਰ ਪਿਸਟਲ ਮੁਕਾਬਲਿਆਂ ਵਿੱਚ ਵੀ ਮੈਡਲ ਹਾਸਲ ਕਰਨ ਤੋਂ ਖੁੰਝ ਗਈ ਸੀ।
ਪੀਐਮ ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ‘ਇੱਕ ਇਤਿਹਾਸਕ ਤਮਗਾ! ਪੈਰਿਸ ਓਲਪਿੰਕ 2024 ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਣ ਲਈ ਮਨੂ ਭਾਕਰ ਨੂੰ ਵਧਾਈਆਂ। ਕਾਂਸੀ ਦੇ ਤਗਮੇ ਲਈ ਵਧਾਈ। ਇਹ ਸਫਲਤਾ ਹੋਰ ਵੀ ਖਾਸ ਹੈ ਕਿਉਂਕਿ ਉਹ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇੱਕ ਸ਼ਾਨਦਾਰ ਪ੍ਰਾਪਤੀ।’
ਕਈ ਈਵੈਂਟਸ ਵਿੱਚ ਹਿੱਸਾ ਲੈਣ ਵਾਲਾ ਇੱਕੋ ਇੱਕ ਭਾਰਤੀ ਐਥਲੀਟ
22 ਸਾਲਾ ਮਨੂ ਭਾਕਰ ਪੈਰਿਸ 2024 ਓਲੰਪਿਕ ਸ਼ੂਟਿੰਗ ਮੁਕਾਬਲੇ ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ, 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਅਤੇ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਹੈ। ਉਹ 21 ਮੈਂਬਰੀ ਭਾਰਤੀ ਨਿਸ਼ਾਨੇਬਾਜ਼ੀ ਟੀਮ ਦੀ ਇਕਲੌਤੀ ਅਥਲੀਟ ਹੈ ਜਿਸ ਨੇ ਕਈ ਵਿਅਕਤੀਗਤ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਮਨੂ ਨੇ 2023 ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਪੰਜਵੇਂ ਸਥਾਨ ’ਤੇ ਰਹਿ ਕੇ ਭਾਰਤ ਲਈ ਪੈਰਿਸ 2024 ਓਲੰਪਿਕ ਕੋਟਾ ਹਾਸਲ ਕੀਤਾ ਸੀ। ਮਨੂ ਭਾਕਰ ISSF ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਹੈ। ਉਹ ਗੋਲਡ ਕੋਸਟ 2018 ਵਿੱਚ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਵੀ ਹੈ, ਜਿੱਥੇ ਉਸਨੇ CWG ਰਿਕਾਰਡ ਦੇ ਨਾਲ ਚੋਟੀ ਦਾ ਤਗਮਾ ਜਿੱਤਿਆ ਸੀ।
ਮਨੂ ਭਾਕਰ ਬਿਊਨਸ ਆਇਰਸ 2018 ਵਿੱਚ ਯੂਥ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਅਤੇ ਦੇਸ਼ ਦੀ ਪਹਿਲੀ ਮਹਿਲਾ ਅਥਲੀਟ ਵੀ ਹੈ। ਉਸ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ 'ਚ ਮਹਿਲਾ 25 ਮੀਟਰ ਟੀਮ ਪਿਸਟਲ ਦਾ ਖਿਤਾਬ ਜਿੱਤਿਆ ਸੀ।
ਅੱਖ ਦੀ ਸੱਟ ਤੋਂ ਬਾਅਦ ਮੁੱਕੇਬਾਜ਼ੀ ਛੱਡ ਦਿੱਤੀ ਅਤੇ ਸ਼ੂਟਿੰਗ ਸ਼ੁਰੂ ਕਰ ਦਿੱਤੀ
ਝੱਜਰ, ਹਰਿਆਣਾ ਵਿੱਚ ਜਨਮੀ, ਮਨੂ ਭਾਕਰ ਨੇ ਆਪਣੇ ਸਕੂਲ ਦੇ ਦਿਨਾਂ ਵਿੱਚ ਟੈਨਿਸ, ਸਕੇਟਿੰਗ ਅਤੇ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਉਸ ਨੇ 'ਥਾਨ ਤਾ' ਨਾਂ ਦੀ ਮਾਰਸ਼ਲ ਆਰਟ ਵਿੱਚ ਵੀ ਹਿੱਸਾ ਲਿਆ ਜਿਸ ਨੇ ਰਾਸ਼ਟਰੀ ਪੱਧਰ 'ਤੇ ਤਗਮੇ ਜਿੱਤੇ। ਮੁੱਕੇਬਾਜ਼ੀ ਦੌਰਾਨ ਮਨੂ ਦੀ ਅੱਖ 'ਤੇ ਸੱਟ ਲੱਗ ਗਈ, ਜਿਸ ਤੋਂ ਬਾਅਦ ਮੁੱਕੇਬਾਜ਼ੀ 'ਚ ਉਸ ਦਾ ਸਫ਼ਰ ਖ਼ਤਮ ਹੋ ਗਿਆ। ਪਰ ਮਨੂ ਨੂੰ ਖੇਡਾਂ ਪ੍ਰਤੀ ਵੱਖਰਾ ਜਨੂੰਨ ਸੀ, ਜਿਸ ਕਾਰਨ ਉਹ ਇਕ ਸ਼ਾਨਦਾਰ ਨਿਸ਼ਾਨੇਬਾਜ਼ ਬਣਨ ਵਿਚ ਕਾਮਯਾਬ ਰਹੀ।
ਮਨੂ ਨੇ 14 ਸਾਲ ਦੀ ਉਮਰ ਵਿੱਚ ਸ਼ੂਟਿੰਗ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ, ਜਦੋਂ ਰੀਓ ਓਲੰਪਿਕ 2016 ਹੁਣੇ ਹੀ ਖਤਮ ਹੋਇਆ ਸੀ। ਇਸ ਦੇ ਇੱਕ ਹਫ਼ਤੇ ਦੇ ਅੰਦਰ ਮਨੂ ਭਾਕਰ ਨੇ ਆਪਣੇ ਪਿਤਾ ਨੂੰ ਨਿਸ਼ਾਨੇਬਾਜ਼ੀ ਕਰਨ ਲਈ ਇੱਕ ਪਿਸਤੌਲ ਲਿਆਉਣ ਲਈ ਕਿਹਾ ਤੇ ਉਸਦਾ ਸਾਥ ਦਿੰਦੇ ਹੋਏ ਪਿਤਾ ਰਾਮ ਕਿਸ਼ਨ ਭਾਕਰ ਨੇ ਉਸਨੂੰ ਇੱਕ ਬੰਦੂਕ ਖਰੀਦ ਕੇ ਦਿੱਤੀ ਅਤੇ ਇਹ ਇੱਕ ਫੈਸਲਾ ਸੀ ਜਿਸਨੇ ਮਨੂ ਭਾਕਰ ਨੂੰ ਓਲੰਪੀਅਨ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ: Mrs Chandigarh Arrest : 3 ਕਰੋੜ ਦੀ ਧੋਖਾਧੜੀ ਮਾਮਲੇ 'ਚ ਮਿਸਿਜ਼ ਚੰਡੀਗੜ੍ਹ ਪੁੱਤਰ ਸਣੇ ਗ੍ਰਿਫਤਾਰ, ਜੇਲ੍ਹ ’ਚ ਹੈ ਪਤੀ