ਸਿੱਧੂ ਮੂਸੇਵਾਲਾ ਦੇ ਮਾਪਿਆ ਨੇ DGP ਨਾਲ ਕੀਤੀ ਮੁਲਾਕਾਤ, ਪਿੰਡ ਦੀ ਹਵੇਲੀ 'ਚ ਰੱਖੀ 'Justice Book'
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਮਵਾਰ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਾਤਾ ਚਰਨ ਕੌਰ ਨੇ ਵੀ ਡੀਜੀਪੀ ਨਾਲ ਗੱਲਬਾਤ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ । ਦੱਸ ਦੇਈਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਸਰਕਾਰ ਨੂੰ ਕਈ ਵਾਰੀ ਅਪੀਲ ਕੀਤੀ। ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਸਰਕਾਰ ਦੀ ਕਾਰਜਗੁਜ਼ਾਰੀ ਉੱਤੇ ਕਈ ਸਵਾਲ ਖੜ੍ਹੇ ਕੀਤੇ ਸਨ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਪਰਿਵਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਸਿੱਧੂ ਦਾ ਕੋਈ ਵੀ ਪ੍ਰਸ਼ੰਸਕ ਜੋ ਵੀ ਉਨ੍ਹਾਂ ਨੂੰ ਮਿਲਣ ਆਉਂਦਾ ਹੈ, ਉਹ ਆਪਣਾ ਨਾਮ, ਪਤਾ ਅਤੇ ਆਪਣੇ ਦਸਤਖਤ ਰਜਿਸਟਰ 'ਤੇ ਪਾ ਕੇ ਸਿੱਧੂ ਲਈ ਇਨਸਾਫ਼ ਦੀ ਮੰਗ ਕਰੇ। ਉਨ੍ਹਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਇਕੱਲਾ ਇਨਸਾਫ਼ ਨਹੀਂ ਮੰਗ ਰਿਹਾ ਅਤੇ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੱਡੀ ਗਿਣਤੀ ਲੋਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ, ਜੋ ਸਿੱਧੂ ਮੂਸੇਵਾਲਾ ਦੇ ਆਪਣੇ ਹਨ ਅਤੇ ਜੋ ਸਿੱਧੂ ਮੂਸੇਵਾਲਾ ਤੋਂ ਦੁਖੀ ਹਨ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ ਦੀ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਮੂਸੇਵਾਲਾ ਦੇ ਪਿਤਾ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰਕੇ ਸ਼ਾਰਪ ਸ਼ੂਟਰਾਂ ਅਤੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕੀਤਾ ਸੀ।