ਦਿੱਲੀ: ਪੰਜਾਬ ਦੇ ਸਾਬਕਾ ਵਿਧਾਇਕ ਦੇ ਘਰ ਬਾਹਰ ਗੋਲੀਬਾਰੀ ਨਾਲ ਇਲਾਕੇ 'ਚ ਦਹਿਸ਼ਤ

By  Jasmeet Singh December 4th 2023 09:24 AM -- Updated: December 4th 2023 09:29 AM

ਨਵੀਂ ਦਿੱਲੀ: ਫ਼ਰੀਦਕੋਟ ਤੋਂ ਵਪਾਰੀ ਅਤੇ ਇੱਥੇ ਦੇ ਸਾਬਕਾ ਵਿਧਾਇਕ ਰਹੇ ਦੀਪ ਮਲਹੋਤਰਾ ਦੇ ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ ਸਥਿਤ ਘਰੇ ਦੇ ਬਾਹਰ ਐਤਵਾਰ ਸ਼ਾਮ ਨੂੰ ਅਣਪਛਾਤੇ ਬਦਮਾਸ਼ਾਂ ਨੇ ਗੋਲਾਬਾਰੀ ਕਰ ਦਿੱਤੀ।

ਗੋਲੀਬਾਰੀ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਿੱਲੀ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਸਾਬਕਾ ਵਿਧਾਇਕ ਨੇ ਕਿਸੇ ਤੋਂ ਧਮਕੀਆਂ ਮਿਲਣ ਤੋਂ ਇਨਕਾਰ ਕੀਤਾ ਹੈ। ਪੁਲਿਸ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਐਤਵਾਰ ਸ਼ਾਮ ਕਰੀਬ 6.45 ਵਜੇ ਪੰਜਾਬੀ ਬਾਗ ਥਾਣਾ ਇੰਚਾਰਜ ਨੂੰ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਘਰ ਦੇ ਸਾਹਮਣੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਟੀਮ ਨੰਬਰ 57 ਰੋਡ ਪੰਜਾਬੀ ਬਾਗ ਵਿੱਚ ਪੁੱਜ ਗਈ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਛੇ ਖੋਲ ਮਿਲੇ ਹਨ। ਜਿਨ੍ਹਾਂ ਨੂੰ ਪੁਲਿਸ ਨੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਹੈ। 

ਪੁਲਿਸ ਨੇ ਮੌਕੇ 'ਤੇ ਕ੍ਰਾਈਮ ਅਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਜਾਂਚ ਕੀਤੀ ਅਤੇ ਸਬੂਤ ਵੀ ਇਕੱਠੇ ਕੀਤੇ। ਪੱਛਮੀ ਦਿੱਲੀ ਦੇ ਪੁਲਿਸ ਡਿਪਟੀ ਕਮਿਸ਼ਨਰ ਵਿਚਾਰ ਵੀਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗੋਲੀ ਚਲਾਉਣ ਵਾਲੇ ਦੋਵੇਂ ਦੋਸ਼ੀ ਪੈਦਲ ਆਏ ਸਨ ਅਤੇ ਸਾਬਕਾ ਵਿਧਾਇਕ ਦੇ ਘਰ ਦੇ ਸਾਹਮਣੇ ਹਵਾ 'ਚ ਪੰਜ-ਛੇ ਰਾਊਂਡ ਫਾਇਰ ਕੀਤੇ ਅਤੇ ਭੱਜ ਗਏ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਬਕਾ ਵਿਧਾਇਕ ਨੇ ਕਿਸੇ ਵੀ ਤਰ੍ਹਾਂ ਦੀ ਧਮਕੀ ਮਿਲਣ ਤੋਂ ਇਨਕਾਰ ਕੀਤਾ ਹੈ। ਫਿਲਹਾਲ ਪੁਲਿਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੇ ਮੁਲਜ਼ਮ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਏ ਹਨ। ਫੁਟੇਜ ਰਾਹੀਂ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। 

ਪੁਲਿਸ ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਫ਼ਰੀਦਕੋਟ ਵਿੱਚ ਦੀਪ ਮਲਹੋਤਰਾ ਦੇ ਠੇਕਿਆਂ ’ਤੇ ਵੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਦੋਵਾਂ ਮਾਮਲਿਆਂ ਦੇ ਦੋਸ਼ੀ ਇੱਕੋ ਹੀ ਹੋ ਸਕਦੇ ਹਨ। ਇਸ ਸਬੰਧੀ ਪੁਲਿਸ ਨੇ ਗੋਲੀਆਂ ਚਲਾ ਕੇ ਵਿਅਕਤੀ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Post