ਜਾਤੀ ਤੇ ਭਾਈਚਾਰੇ 'ਤੇ ਆਧਾਰਿਤ ਸਕੂਲਾਂ ਦੇ ਨਾਵਾਂ ਨੂੰ ਬਦਲਣ 'ਤੇ ਪੰਚਾਇਤਾਂ ਨੂੰ ਇਤਰਾਜ਼
ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਵਿਚ ਜਾਤੀ ਜਾਂ ਭਾਈਚਾਰੇ ਦੇ ਆਧਰਿਤ ਸਕੂਲਾਂ ਦੇ ਨਾਵਾਂ ਨੂੰ ਬਦਲਣ ਦੇ ਹੁਕਮ ਸੁਣਾਏ ਹਨ। ਸਿੱਖਿਆ ਵਿਭਾਗ ਨੇ 54 ਸਕੂਲਾਂ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਹਨ।
ਮੁਹਾਲੀ : ਸਿੱਖਿਆ ਵਿਭਾਗ ਨੇ ਜਾਤੀ ਅਧਾਰਿਤ ਜਾਂ ਹੋਰ ਭਾਈਚਾਰੇ ਦੇ ਹਵਾਲੇ ਉਤੇ ਰੱਖੇ 56 ਸਕੂਲਾਂ ਦੇ ਨਾਮ ਬਦਲਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਨੇ ਸ਼ਹੀਦਾਂ ਜਾਂ ਹੋਰ ਸ਼ਖ਼ਸੀਅਤਾਂ ਦੇ ਨਾਮ ਉਤੇ ਅਜਿਹੇ ਸਕੂਲਾਂ ਦੇ ਨਾਮ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਉਲਟ ਕੁਝ ਪੰਚਾਇਤਾਂ ਨੂੰ ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਉਤੇ ਇਤਰਾਜ਼ ਹੈ। ਉਹ ਆਪਣੇ ਸਕੂਲਾਂ ਦੇ ਨਾਮ ਨਹੀਂ ਬਦਲਣਾ ਚਾਹੁੰਦੀਆਂ। ਸਿੱਖਿਆ ਵਿਭਾਗ ਨੇ 2 ਸਕੂਲਾਂ ਦੇ ਨਾਮ ਬਦਲਣ ਉਤੇ ਰੋਕ ਲਗਾ ਦਿੱਤੀ ਹੈ।
ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਇਹ ਕਦਮ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਦੀ ਸੂਚੀ ਮੰਗਣ ਤੋਂ ਇਕ ਮਹੀਨੇ ਬਾਅਦ ਲਿਆ ਗਿਆ ਹੈ, ਜਿਨ੍ਹਾਂ ਦਾ ਨਾਂ ਕਿਸੇ ਵਿਸ਼ੇਸ਼ ਜਾਤੀ ਜਾਂ ਫਿਰਕੇ ਦੇ ਨਾਂ 'ਤੇ ਰੱਖਿਆ ਗਿਆ ਹੈ। ਜ਼ਿਲ੍ਹਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਅਜਿਹੇ 56 ਪ੍ਰਾਇਮਰੀ ਸਕੂਲਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਨੂੰ ਜਾਤੀ ਜਾਂ ਫਿਰਕੇ ਦਾ ਹਵਾਲਾ ਛੱਡ ਕੇ ਨਵਾਂ ਨਾਂ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਸਿੱਖਿਆ ਵਿਭਾਗ ਵੱਲੋਂ ਨਾਮ ਬਦਲੇ ਗਏ ਸਕੂਲਾਂ ਦੀ ਸੂਚੀ
ਸੂਚੀ ਦੀ ਪੜਤਾਲ ਤੋਂ ਪਤਾ ਲੱਗਾ ਕਿ 28 ਸਕੂਲਾਂ ਨੇ ਆਪਣੇ ਨਾਵਾਂ ਨਾਲ 'ਬਾਜ਼ੀਗਰ' ਜੋੜਿਆ ਹੋਇਆ ਸੀ ਕਿਉਂਕਿ ਉਹ ਬਾਜ਼ੀਗਰ ਭਾਈਚਾਰੇ ਦੀ ਆਬਾਦੀ ਦੀਆਂ ਕਲੋਨੀਆਂ ਵਿੱਚ ਖੋਲ੍ਹੇ ਗਏ ਹਨ।
ਹਾਲਾਂਕਿ, ਲੁਧਿਆਣਾ ਅਤੇ ਮੁਕਤਸਰ ਦੇ ਦੋ ਸਕੂਲਾਂ ਨੇ ਵਿਭਾਗ ਨੂੰ ਲਿਖਿਆ ਹੈ ਕਿ ਉਨ੍ਹਾਂ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਸਕੂਲ ਦਾ ਨਾਂ ਨਹੀਂ ਬਦਲਣਾ ਚਾਹੁੰਦੀਆਂ ਅਤੇ ਆਪਣੇ ਨਾਂ 'ਤੇ 'ਬਾਜ਼ੀਗਰ ਬਸਤੀ' ਦੇ ਹਵਾਲੇ ਨਾਲ ਜਾਰੀ ਰੱਖਣਾ ਚਾਹੁੰਦੀਆਂ ਹਨ। ਵਿਭਾਗ ਨੇ ਇਨ੍ਹਾਂ ਦੋਵਾਂ ਸਕੂਲਾਂ ਦਾ ਨਾਂ ਬਦਲਣ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਹਾਦਸਾਗ੍ਰਸਤ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ
ਜਿਨ੍ਹਾਂ 56 ਸਕੂਲਾਂ ਦਾ ਨਾਮ ਬਦਲੇ ਗਏ ਹਨ ਉਨ੍ਹਾਂ 'ਚੋਂ ਸਭ ਤੋਂ ਵੱਧ 12 ਪਟਿਆਲਾ, ਮਾਨਸਾ ਵਿੱਚ ਸੱਤ, ਨਵਾਂਸ਼ਹਿਰ ਵਿੱਚ ਛੇ, ਗੁਰਦਾਸਪੁਰ ਅਤੇ ਸੰਗਰੂਰ ਵਿੱਚ ਚਾਰ-ਚਾਰ, ਬਠਿੰਡਾ, ਬਰਨਾਲਾ, ਮੁਕਤਸਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਤਿੰਨ-ਤਿੰਨ, ਫਰੀਦਕੋਟ, ਲੁਧਿਆਣਾ, ਮਲੇਰਕੋਟਲਾ ਵਿੱਚ ਦੋ-ਦੋ ਸਕੂਲ ਹਨ ਤੇ ਅੰਮ੍ਰਿਤਸਰ, ਹੁਸ਼ਿਆਰਪੁਰ, ਮੋਗਾ, ਪਠਾਨਕੋਟ ਅਤੇ ਮੋਹਾਲੀ 'ਚ ਇਕ-ਇਕ ਸਕੂਲ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ, ਫਾਜ਼ਿਲਕਾ, ਜਲੰਧਰ, ਕਪੂਰਥਲਾ, ਰੋਪੜ ਅਤੇ ਤਰਨਤਾਰਨ ਜ਼ਿਲ੍ਹੇ ਵਿਚ ਕਿਸੇ ਵੀ ਸਕੂਲ ਦਾ ਨਾਮ ਨਹੀਂ ਬਦਲਿਆ ਗਿਆ। ਪੰਜਾਬ 'ਚ ਲਗਭਗ 12,800 ਸਰਕਾਰੀ ਪ੍ਰਾਇਮਰੀ ਸਕੂਲ ਹਨ।