Panchayat Elections : ਮੁਹਾਲੀ ਦੇ ਪਿੰਡ ਜਗਤਪੁਰਾ ਦੀਆਂ ਪੰਚਾਇਤੀ ਚੋਣਾਂ ਰੱਦ, ਪਰਵਾਸੀ ਮਜ਼ਦੂਰਾਂ ਦੀਆਂ 6500 ਵੋਟਾਂ ਦਾ ਪਿਆ ਰੌਲਾ
ਪੰਜਾਬ ਰਾਜ ਚੋਣ ਕਮਿਸ਼ਨਰ ਕਮਲ ਚੌਧਰੀ ਨੇ ਮੁਹਾਲੀ ਬਲਾਕ ਦੇ ਪਿੰਡ ਜਗਤਪੁਰਾ ਵਿੱਚ ਪੰਚਾਇਤੀ ਚੋਣਾਂ ਕਰਵਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਇਸ ਪਿੰਡ ਦੀਆਂ ਚੋਣਾਂ 15 ਅਕਤੂਬਰ ਨੂੰ ਨਹੀਂ ਹੋਣਗੀਆਂ।
Village Jagatpura Mohali News : ਪੰਜਾਬ ਰਾਜ ਚੋਣ ਕਮਿਸ਼ਨਰ ਕਮਲ ਚੌਧਰੀ ਨੇ ਮੁਹਾਲੀ ਬਲਾਕ ਦੇ ਪਿੰਡ ਜਗਤਪੁਰਾ ਵਿੱਚ ਪੰਚਾਇਤੀ ਚੋਣਾਂ ਕਰਵਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਇਸ ਪਿੰਡ ਦੀਆਂ ਚੋਣਾਂ 15 ਅਕਤੂਬਰ ਨੂੰ ਨਹੀਂ ਹੋਣਗੀਆਂ। ਚੋਣ ਕਮਿਸ਼ਨਰ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਹੈ ਕਿ ਪਿੰਡ ਜਗਤਪੁਰਾ ਦੀ ਵੋਟਰ ਸੂਚੀ ਵਿੱਚ ਸ਼ਾਮਲ ਗੁਰੂਨਾਨਕ ਕਲੋਨੀ ਦੀਆਂ ਵੋਟਾਂ ਨੂੰ ਵੋਟਰ ਸੂਚੀ ਵਿੱਚੋਂ ਹਟਾ ਕੇ ਪੰਚਾਇਤੀ ਚੋਣਾਂ ਕਰਵਾਈਆਂ ਜਾਣ।
ਪਿੰਡ ਜਗਤਪੁਰਾ ਦੀਆਂ ਪੰਚਾਇਤੀ ਚੋਣਾਂ ਹੋਈਆਂ ਰੱਦ
ਰਾਜ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਐਸਡੀਐਮ ਮੁਹਾਲੀ ਨੂੰ ਪੱਤਰ ਲਿਖ ਕੇ ਜਗਤਪੁਰਾ ਦੀਆਂ ਪੰਚਾਇਤੀ ਚੋਣਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਜਗਤਪੁਰਾ ਦੀ ਭੰਗ ਹੋਈ ਪੰਚਾਇਤ ਵਿੱਚ ਅਧਿਕਾਰਤ ਪੰਚ ਵਜੋਂ ਕੰਮ ਕਰਦੇ ਕੁਲਦੀਪ ਸਿੰਘ ਧਨੋਆ ਨੇ ਆਪਣੇ ਵਕੀਲ ਡੀਕੇ ਸਾਲਦੀ ਰਾਹੀਂ ਚੋਣ ਕਮਿਸ਼ਨਰ ਕੋਲ ਪਟੀਸ਼ਨ ਦਾਇਰ ਕੀਤੀ ਸੀ।
ਉਨ੍ਹਾਂ ਗੁਰੂਨਾਨਕ ਕਲੋਨੀ ਦੀਆਂ 5 ਹਜ਼ਾਰ ਤੋਂ ਵੱਧ ਵੋਟਾਂ ਪਿੰਡ ਦੀ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ’ਤੇ ਇਤਰਾਜ਼ ਜਤਾਇਆ ਸੀ। ਕਲੋਨੀ ਦੀਆਂ ਵੋਟਾਂ ਨਾ ਪਾਉਣ ਸਬੰਧੀ ਉਨ੍ਹਾਂ ਨੇ ਪਹਿਲਾਂ ਵੀ ਐਸ.ਡੀ.ਐਮ ਅਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ ਅਤੇ ਪੰਜ ਹਜ਼ਾਰ ਤੋਂ ਵੱਧ ਵੋਟਰਾਂ ਵਾਲੀ ਕਲੋਨੀ ਦੇ ਪਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਫਾਈਨਲ ਵੋਟਰ ਸੂਚੀ ਵਿੱਚ ਦਰਜ ਕੀਤੀਆਂ ਗਈਆਂ।
ਪਿੰਡ ਦੇ ਅਸਲ ਵਸਨੀਕਾਂ ਦੀਆਂ ਸਿਰਫ਼ 900 ਵੋਟਾਂ
ਪਿੰਡ ਦੇ ਅਸਲ ਵਸਨੀਕਾਂ ਦੀਆਂ ਸਿਰਫ਼ 900 ਦੇ ਕਰੀਬ ਵੋਟਾਂ ਹੋਣ ਕਾਰਨ ਪਰਵਾਸੀ ਮਜ਼ਦੂਰਾਂ ਦੀ ਬਸਤੀ ਵਿੱਚੋਂ ਹੀ ਸਮੁੱਚੀ ਪੰਚਾਇਤ ਚੁਣੇ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ ਅਤੇ ਬਸਤੀ ਵਿੱਚੋਂ ਪੰਜ ਉਮੀਦਵਾਰਾਂ ਨੇ ਸਰਪੰਚੀ ਲਈ ਵੀ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ। ਪਟੀਸ਼ਨਰ ਦੀ ਦਲੀਲ ਸੀ ਕਿ ਇਹ ਕਲੋਨੀ ਪੁੱਡਾ ਦੀ ਜ਼ਮੀਨ ’ਤੇ ਸਥਿਤ ਹੈ। ਇਸ ਦਾ ਪਿੰਡ ਨਾਲ ਕੋਈ ਸਬੰਧ ਨਹੀਂ ਹੈ। ਕਲੋਨੀ ਵਾਸੀਆਂ ਨੇ ਨਗਰ ਨਿਗਮ ਮੁਹਾਲੀ ਲਈ ਵੋਟਾਂ ਪਾਈਆਂ। ਉਕਤ ਬਸਤੀ ਨੇ ਅੱਜ ਤੱਕ ਕਦੇ ਵੀ ਗ੍ਰਾਮ ਪੰਚਾਇਤ ਵਿੱਚ ਵੋਟ ਨਹੀਂ ਪਾਈ।
2005 ਵਿੱਚ ਕਲੋਨੀਆਂ ਦੀ ਹੋਈ ਸਥਾਪਨਾ
ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਜਦੋਂ ਗਮਾਡਾ ਨੇ 2005 ਵਿੱਚ ਇਨ੍ਹਾਂ ਕਲੋਨੀਆਂ ਦੀ ਸਥਾਪਨਾ ਕੀਤੀ ਸੀ ਤਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਨ੍ਹਾਂ ਕਲੋਨੀਆਂ ਦਾ ਗ੍ਰਾਮ ਪੰਚਾਇਤ ਨਾਲ ਕੋਈ ਸਬੰਧ ਨਹੀਂ ਹੋਵੇਗਾ। ਪਟੀਸ਼ਨਰ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਚੋਣ ਕਮਿਸ਼ਨਰ ਨੇ ਕਲੋਨੀ ਦੇ ਵਸਨੀਕਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਹਟਾ ਕੇ ਚੋਣਾਂ ਰੱਦ ਕਰਨ ਅਤੇ ਨਵੇਂ ਸਿਰਿਓਂ ਚੋਣਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : Hoshiarpur Road Accident : ਮਾਤਾ ਵੈਸ਼ਨੋ ਦੇਵੀ ਤੋਂ ਵਾਪਿਸ ਆ ਰਹੀ ਭਜਨ ਮੰਡਲੀ ਨਾਲ ਵਾਪਰਿਆ ਹਾਦਸਾ, 2 ਦੀ ਮੌਤ