Panchayat Elections Date Announce : ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ, Nota ਦਾ ਹੋਵੇਗਾ ਇਸਤੇਮਾਲ
ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। 15 ਅਕਤੂਬਰ ਨੂੰ ਸੂਬੇ ਵਿੱਚ ਪੰਚਾਇਤੀ ਚੋਣਾਂ ਲਈ ਵੋਟਾਂ ਪੈਣਗੀਆਂ। ਦੱਸ ਦਈਏ ਕਿ ਇਸ ਵਾਰ ਵੋਟਰ ਨੋਟਾ (Nota) ਦਾ ਵੀ ਇਸਤੇਮਾਲ ਕਰ ਸਕਣਗੇ।
Panchayat Elections Date Announce : ਪੰਜਾਬ 'ਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਸੂਬੇ ਵਿੱਚ 15 ਅਕਤੂਬਰ ਵੋਟਾਂ ਪੈਣਗੀਆਂ। ਦੱਸ ਦਈਏ ਕਿ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਿੰਗ ਹੋਵੇਗੀ। ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ 27 ਸਤੰਬਰ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਜਾਣਗੀਆਂ। ਉਮੀਦਵਾਰ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰ ਸਕਣਗੇ। 5 ਅਕਤੂਬਰ ਨੂੰ ਸਕਰੂਟਨਿੰਗ ਹੋਵੇਗੀ। 7 ਅਕਤੂਬਰ ਤੱਕ ਉਮੀਦਵਾਰ ਆਪਣੀਆਂ ਨਾਮਜ਼ਗੀਆਂ ਵਾਪਸ ਲੈ ਸਕਣਗੇ।
ਸਟੇਟ ਇਲੈਕਸ਼ਨ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਪੰਚਾਇਤੀ ਚੋਣਾਂ ਲਈ ਕੁੱਲ 19110 ਪੋਲਿੰਗ ਬੂਥ ਬਣਾਏ ਜਾਣਗੇ। ਸੂਬੇ ਵਿੱਚ ਕੁੱਲ 13397932 ਵੋਟਰ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੈਲਟ ਬਾਕਸ ਰਾਹੀਂ ਹੀ ਵੋਟਿੰਗ ਹੋਵੇਗੀ। ਵੋਟਰ ਇਸ ਵਾਰ ਨੋਟਾ (Nota) ਦਾ ਵੀ ਇਸਤੇਮਾਲ ਕਰ ਸਕਣਗੇ।
ਦੱਸ ਦਈਏ ਕਿ ਜਰਨਲ ਕੈਟਾਗਿਰੀ ਲਈ ਨਾਮਜ਼ਦਗੀ ਭਰਨ ਲਈ 100 ਰੁਪਏ ਫੀਸ ਹੋਵੇਗੀ, ਜਦਕਿ ਐਸ ਅਤੇ ਬੀਸੀ ਲਈ ਇਹ ਫੀਸ 50 ਰੁਪਏ ਹੋਵੇਗੀ। ਇਸ ਤੋਂ ਇਲਾਵਾ ਸਰਪੰਚ ਲਈ 40 ਹਜ਼ਾਰ ਰੁਪਏ ਤੇ ਪੰਚ ਲਈ 30 ਹਜ਼ਾਰ ਰੁਪਏ ਦਾ ਖਰਚਾ ਤੈਅ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤ ਦੀ ਸਮਾਂ ਸੀਮਾ ਫਰਵਰੀ 2024 ਵਿੱਚ ਖਤਮ ਹੋ ਗਈ ਸੀ ਪਰ ਲੋਕ ਸਭਾ ਚੋਣਾਂ ਕਾਰਨ ਚੋਣਾਂ ਵਿੱਚ ਦੇਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਇਹ ਚੋਣਾਂ 20 ਅਕਤੂਬਰ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਅਗਲੇ ਮਹੀਨੇ ਕਈ ਛੁੱਟੀਆਂ ਆ ਰਹੀਆਂ ਹਨ। ਇਨ੍ਹਾਂ ਨੂੰ ਧਿਆਨ 'ਚ ਰੱਖਦਿਆਂ ਤਰੀਕ ਦਾ ਐਲਾਨ ਕੀਤਾ ਗਿਆ ਹੈ। 1 ਅਤੇ 2 ਅਕਤੂਬਰ ਨੂੰ ਛੁੱਟੀ ਹੈ। ਉਸ ਤੋਂ ਬਾਅਦ 12 ਤਰੀਕ ਨੂੰ ਦੁਸਹਿਰਾ ਹੈ। ਵਾਲਮੀਕਿ ਜਯੰਤੀ 1 ਅਕਤੂਬਰ ਨੂੰ ਹੈ ਅਤੇ ਕਰਵਾ ਚੌਥ 20 ਨੂੰ ਹੈ। ਇਸ ਤੋਂ ਇਲਾਵਾ ਪ੍ਰੀਖਿਆਵਾਂ ਅਤੇ ਝੋਨੇ ਦੀ ਕਟਾਈ ਦਾ ਵੀ ਧਿਆਨ ਰੱਖਿਆ ਗਿਆ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਕੁੱਲ 13241 ਪੰਚਾਇਤਾਂ ਹਨ। ਜਦਕਿ 153 ਬਲਾਕ ਕਮੇਟੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦ ਹਨ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2023 ਨੂੰ ਖਤਮ ਹੋ ਗਿਆ ਸੀ। ਸੂਬੇ ਵਿੱਚ ਸਭ ਤੋਂ ਵੱਧ 1405 ਪੰਚਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹਨ।