Panchayat Elections 2024 : ਹਾਈਕੋਰਟ ਨੇ ਪਿੰਡ ਪਾਪੜੀ ਦੀ ਚੋਣ 'ਤੇ ਲਾਈ ਰੋਕ, ਮੁਹਾਲੀ ਦੇ ਡੀਸੀ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

Panchayat Election News : ਪੰਜਾਬ-ਹਰਿਆਣਾ ਹਾਈਕੋਰਟ ਨੇ ਮੁਹਾਲੀ ਦੇ ਡੀਸੀ ਕਮ ਚੋਣ ਅਧਿਕਾਰੀ ਨੂੰ ਨੋਟਿਸ ਜਾਰੀ ਕੀਤਾ ਹੈ। ਮੁਹਾਲੀ ਦੇ ਪਿੰਡ ਪਾਪੜੀ ਦੇ ਉਮੀਦਵਾਰੀ ਦੇ ਚਾਰ ਦਾਅਵੇਦਾਰਾਂ ਦੀ ਪਟੀਸ਼ਨ 'ਤੇ ਅਦਾਲਤ ਨੇ ਡਿਪਟੀ ਕਮਿਸ਼ਨਰ ਨੂੰ ਮਾਮਲੇ 'ਚ ਤਲਬ ਕਰਦਿਆਂ ਕੱਲ 9 ਤਰੀਕ ਤੱਕ ਜਵਾਬ ਮੰਗਿਆ ਹੈ।

By  KRISHAN KUMAR SHARMA October 8th 2024 01:18 PM -- Updated: October 8th 2024 01:28 PM

Mohali News : ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਵਲੋਂ ਚੋਣਾਂ 'ਚ ਧੱਕੇਸ਼ਾਹੀ ਦੇ ਆਰੋਪ ਲਾਏ ਜਾ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪੁੱਜਿਆ ਹੈ, ਜਿਸ 'ਚ ਅਦਾਲਤ ਨੇ ਮੁਹਾਲੀ ਦੇ ਡੀਸੀ ਕਮ ਚੋਣ ਅਧਿਕਾਰੀ ਨੂੰ ਨੋਟਿਸ ਜਾਰੀ ਕੀਤਾ ਹੈ। ਮੁਹਾਲੀ ਦੇ ਪਿੰਡ ਪਾਪੜੀ ਦੇ ਉਮੀਦਵਾਰੀ ਦੇ ਚਾਰ ਦਾਅਵੇਦਾਰਾਂ ਦੀ ਪਟੀਸ਼ਨ 'ਤੇ ਅਦਾਲਤ ਨੇ ਡਿਪਟੀ ਕਮਿਸ਼ਨਰ ਨੂੰ ਮਾਮਲੇ 'ਚ ਤਲਬ ਕਰਦਿਆਂ ਕੱਲ 9 ਤਰੀਕ ਤੱਕ ਜਵਾਬ ਮੰਗਿਆ ਹੈ।

ਐਡਵੋਕੇਟ ਦੀਪਕ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈਕੋਰਟ ਨੇ ਮੋਹਾਲੀ ਦੇ ਪਾਪੜੀ ਪਿੰਡ ਦੀਆਂ ਪੰਚਾਇਤੀ ਚੋਣਾਂ 'ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਨਾਲ ਹੀ ਅਦਾਲਤ ਨੇ ਮੁਹਾਲੀ ਦੇ ਡੀਸੀ ਜੋ ਕਿ ਚੋਣ ਅਧਿਕਾਰੀ ਵੀ ਹਨ, ਨੂੰ ਨੋਟਿਸ ਜਾਰੀ ਕਰਕੇ ਭਲਕੇ ਤੱਕ ਆਪਣਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।

ਐਡਵੋਕੇਟ ਨੇ ਦੱਸਿਆ ਕਿ ਮੁਹਾਲੀ ਦੇ ਪਾਪੜੀ ਪਿੰਡ ਦੇ ਇੱਕ ਸਰਪੰਚ ਅਤੇ ਤਿੰਨ ਪੰਚ ਉਮੀਦਵਾਰਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਉਨ੍ਹਾਂ ਆਰੋਪ ਲਾਇਆ ਕਿ ਸਰਪੰਚ ਅਹੁਦੇ ਦੀ ਉਮੀਦਵਾਰ ਰਮਨਜੀਤ ਕੌਰ ਅਤੇ ਪੰਚ ਦੇ ਅਹੁਦੇ ਲਈ ਤਿੰਨ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਬਿਨਾਂ ਕੋਈ ਕਾਰਨ ਦੱਸੇ ਸਵੀਕਾਰ ਨਹੀਂ ਕੀਤੀਆਂ ਗਈਆਂ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਸਭ ਕੁਝ ਇਸ ਲਈ ਕੀਤਾ ਗਿਆ ਤਾਂ ਜੋ ਸੱਤਾਧਾਰੀ ਪਾਰਟੀ ਦੇ ਕਰੀਬੀ ਲੋਕ ਸਰਬਸੰਮਤੀ ਨਾਲ ਸਰਪੰਚ ਅਤੇ ਪੰਚ ਦੇ ਅਹੁਦਿਆਂ 'ਤੇ ਚੁਣੇ ਜਾ ਸਕਣ।

ਅੱਜ ਹਾਈਕੋਰਟ ਨੇ ਮੁਹਾਲੀ ਦੇ ਡੀਸੀ ਨੂੰ ਨੋਟਿਸ ਜਾਰੀ ਕਰਦਿਆਂ ਇਸ ਪਿੰਡ ਵਿੱਚ ਚੋਣਾਂ ’ਤੇ ਰੋਕ ਲਗਾਉਂਦਿਆਂ ਭਲਕੇ ਤੱਕ ਆਪਣਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।

Related Post