Panchayat Election: ਫਰੀਦਕੋਟ 'ਚ ਗੈਂਗਸਟਰ ਨੇ ਆਪਣੇ ਪਿਤਾ ਨੂੰ ਸਰਪੰਚ ਐਲਾਨਿਆ, ਡਰ ਕਾਰਨ ਕਿਸੇ ਨੇ ਨਹੀਂ ਭਰੀ ਨਾਮਜ਼ਦਗੀ

Panchayat Election: ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਪੁਰੀ ਹੋਣ ਤੋਂ ਬਾਅਦ ਲਿਸਟਾਂ ਜਾਰੀ ਹੋ ਚੁੱਕੀਆਂ ਹਨ

By  Amritpal Singh October 6th 2024 07:36 PM

Panchayat Election: ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਪੁਰੀ ਹੋਣ ਤੋਂ ਬਾਅਦ ਲਿਸਟਾਂ ਜਾਰੀ ਹੋ ਚੁੱਕੀਆਂ ਹਨ, ਜਿਸ ਤੋਂ ਬਾਆਦ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ 'ਚ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ ਜਦੋ ਇਸ ਪਿੰਡ ਤੋਂ ਕਿਸੇ ਵੀ ਵਿਅਕਤੀ ਵੱਲੋਂ ਨਾ ਤਾਂ ਸਰਪੰਚ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਨਾ ਹੀ ਕਿਸੇ ਵੱਲੋਂ ਮੈਂਬਰ ਪੰਚਾਇਤ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ,ਸੂਚੀ ਵਿੱਚ ਸਾਰੇ ਅਹੁਦਿਆਂ ਤੇ ਨਾਮਜ਼ਦਗੀ ਸਿਫ਼ਰ ਹੀ ਨਜ਼ਰ ਆਈ, ਜਿਸ ਦੇ ਪਿੱਛੇ ਵਜ੍ਹਾ ਮੰਨੀ ਜਾ ਰਹੀ ਹੈ ਇੱਕ ਗੈਂਗਸਟਰ ਦਾ ਖੌਫ਼ ਮੰਨਿਆ ਜਾ ਰਿਹਾ ਹੈ ਕੇ ਇਸੇ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਸਿੰਮਾ ਦੇ ਡਰ ਵੱਜੋਂ ਕਿਸੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ ਕਿਉਕਿ ਸਿੰਮਾ ਆਪਣੇ ਪਿਤਾ ਨੂੰ ਇਸ ਪਿੰਡ ਦਾ ਸਰਪੰਚ ਬਣਾਉਣਾ ਚਾਹਉਂਦਾ ਸੀ।


ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਗੈਂਗਸਟਰ ਸਿੰਮਾ ਨੇ ਕੁਝ ਦਿਨ ਪਹਿਲਾਂ ਪਿੰਡ ਦੇ ਕੁਝ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਆਪਣੇ ਪਿਤਾ ਨੂੰ ਪਿੰਡ ਦਾ ਸਰਪੰਚ ਦੱਸਿਆ ਸੀ। ਗੈਂਗਸਟਰਾਂ ਦੇ ਡਰ ਕਾਰਨ ਪਿੰਡ ਦਾ ਕੋਈ ਵੀ ਵਿਅਕਤੀ ਸਰਪੰਚ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕਿਆ।

ਜਾਣਕਾਰੀ ਮੁਤਾਬਕ ਗੈਂਗਸਟਰ ਸਿੰਮਾ ਖਿਲਾਫ 26 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਇੰਨਾ ਹੀ ਨਹੀਂ ਕੁਝ ਦਿਨ ਪਹਿਲਾਂ ਪੁਲਿਸ ਨੇ ਦਾਣਾ ਮੰਡੀ ਨੇੜਿਓਂ ਦੋ ਕਾਰਾਂ ਅਤੇ ਵੱਡੀ ਗਿਣਤੀ 'ਚ ਜਿੰਦਾ ਕਾਰਤੂਸ ਬਰਾਮਦ ਕੀਤੇ ਸਨ, ਜੋ ਕਿ ਸਿੰਮਾ ਦੇ ਦੱਸੇ ਜਾਂਦੇ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਜਦਕਿ ਸਿੰਮਾ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ।

ਪਿੰਡ ਬਹਿਬਲ ਕਲਾਂ ਦੇ ਕਿਸੇ ਵੀ ਵਿਅਕਤੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਾ ਕੀਤੇ ਜਾਣ ’ਤੇ ਜ਼ਿਲ੍ਹਾ ਫਰੀਦਕੋਟ ਦੇ ਐਸਪੀ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਪਿੰਡ ਦੇ ਕਿਸੇ ਵਿਅਕਤੀ ਨੇ ਸਿੰਮਾ ਦੇ ਡਰ ਕਾਰਨ ਸਰਪੰਚ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਾਂ ਨਹੀਂ। ਪਰ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਹੈ। ਨਾਮਜ਼ਦਗੀ ਸਥਾਨਾਂ 'ਤੇ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਪੂਰੀ ਚੌਕਸੀ ਨਾਲ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਸਿੰਮਾ ਨੇ ਪਿੰਡ ਦੇ ਕੁਝ ਲੋਕਾਂ ਨੂੰ ਫੋਨ ਕਰਕੇ ਆਪਣੇ ਪਿਤਾ ਨੂੰ ਸਰਪੰਚ ਐਲਾਨ ਦਿੱਤਾ ਸੀ ਪਰ ਪੁਲਿਸ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸਿੰਮਾ ਨੂੰ ਕੁਝ ਦਿਨ ਪਹਿਲਾਂ ਦੋ ਕਾਰਾਂ ਅਤੇ ਜਿੰਦਾ ਕਾਰਤੂਸ ਬਰਾਮਦ ਹੋਣ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ।

Related Post