ਪਾਕਿ ਸਰਕਾਰ ਦਾ ਫੈਸਲਾ ; ਇਨ੍ਹਾਂ ਸ਼ਰਧਾਲੂਆਂ ਨੂੰ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੇਣੀ ਪਵੇਗੀ ਵਾਧੂ ਰਕਮ
ਪੀਟੀਸੀ ਨਿਊਜ਼ ਡੈਸਕ: ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਨਵੀਂ ਫੀਸ ਲਾਗੂ ਕੀਤੀ ਹੈ। ਜਿਸ ਨਾਲ ਪਾਕਿਸਤਾਨ ਸਰਕਾਰ ਦੇ ਮੁਫ਼ਤ ਦਰਸ਼ਨਾਂ ਦੇ ਕੀਤੇ ਵਾਅਦੇ ਵਿਰੁੱਧ ਉਂਗਲਾਂ ਉੱਠ ਰਹੀਆਂ ਹਨ।
ਹੁਣ ਤੋਂ ਕਰਤਾਰਪੁਰ ਜਾਣ ਵਾਲੇ ਵਿਦੇਸ਼ੀ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੰਜ ਡਾਲਰ ਜਾਂ 1500 ਰੁਪਏ ਦੀ ਫੀਸ ਅਦਾ ਕਰਕੇ ਟਿਕਟ ਖਰੀਦਣੀ ਹੋਵੇਗੀ। ਪਾਕਿਸਤਾਨ ਸਰਕਾਰ ਦੇ ਇਸ ਫੈਸਲੇ 'ਤੇ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਖਾਸ ਤੌਰ 'ਤੇ ਕਿਉਂਕਿ ਪਾਕਿਸਤਾਨ ਪਹਿਲਾਂ ਹੀ ਭਾਰਤੀ ਸ਼ਰਧਾਲੂਆਂ ਤੋਂ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ 20 ਡਾਲਰ ਦੀ ਫੀਸ ਵਸੂਲ ਰਿਹਾ ਹੈ।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਕਰਤਾਰਪੁਰ ਸਾਹਿਬ, ਪਾਕਿਸਤਾਨ ਅਤੇ ਡੇਰਾ ਬਾਬਾ ਨਾਨਕ, ਭਾਰਤ ਵਿਚਕਰ ਬਣਾਏ ਕੋਰੀਡੋਰ ਦੇ ਰਸਤੇ ਭਾਰਤ ਤੋਂ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲਈ ਕਿਸੇ ਕਿਸਮ ਦੀ ਵਾਧੂ ਫੀਸ ਨਹੀਂ ਵਸੂਲੀ ਜਾਵਗੀI
ਕੁਝ ਕੁ ਨਿੱਜੀ ਟੀਵੀ ਚੈਨਲਾਂ ਵੱਲੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਦੀ ਫੀਸ 'ਚ ਵਾਧੇ ਦੀਆਂ ਖਬਰਾਂ ਤੇਜ਼ੀ ਨਾਲ ਚਲਾਈਆਂ ਜਾ ਰਹੀਆਂ ਹਨ। ਹਾਸਿਲ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਦਰਸ਼ਨ ਦੀਦਾਰਿਆਂ ਲਈ ਆਉਣ ਵਾਲੀਆਂ ਉਨ੍ਹਾਂ ਸੰਗਤਾਂ ਲਈ ਨਵੇਂ ਸਿਰੇਓ ਪੰਜ ਅਮਰੀਕੀ ਡਾਲਰ ਫੀਸ ਕੀਤੀ ਗਈ ਹੈ, ਜੋ ਸ਼ਰਧਾਲੂ ਵਿਸ਼ੇਸ਼ ਵੀਜ਼ੇ 'ਤੇ ਪਾਕਿਸਤਾਨ ਗੁਰਧਾਮਾ ਦੀ ਯਾਤਰਾ ਲਈ ਆਉਂਦੇ ਹਨ।
ਜਿਵੇਂ ਕਿ ਅਟਾਰੀ ਸਰਹੱਦ ਰਸਤੇ ਜਾਂ ਹਵਾਈ ਜਹਾਜ਼ ਰਸਤੇ ਪਾਕਿਸਤਾਨ ਵਿਸ਼ੇਸ਼ ਵੀਜ਼ੇ 'ਤੇ ਪਾਕਿਸਤਾਨ ਪਹੁੰਚਦੇ ਹਨ। ਉਨ੍ਹਾਂ ਸ਼ਰਧਾਲੂਆਂ ਲਈ ਪਾਕਿਸਤਾਨ ਸਰਕਾਰ ਵੱਲੋਂ ਪੰਜ ਡਾਲਰ ਦੀ ਨਵੀਂ ਫੀਸ ਲਗਾਈ ਗਈ ਹੈ I
ਪਾਕਿਸਤਾਨ ਦਾ ਵੀਜ਼ਾ ਹਾਸਲ ਕਰਨ ਵਾਲੇ ਅਤੇ ਕਰਤਾਰਪੁਰ ਲਾਂਘੇ ਤੋਂ ਇਲਾਵਾ ਹੋਰ ਰੂਟਾਂ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਤੋਂ ਪੰਜ ਡਾਲਰ ਦੀ ਫੀਸ ਵਸੂਲੇ ਜਾਣ ਦੇ ਫੈਸਲੇ ਨੇ ਪਾਕਿਸਤਾਨ ਸਰਕਾਰ ਵਿਰੁੱਧ ਸਿੱਖ ਭਾਈਚਾਰਾ ਨਾਰਾਜ਼ਗੀ ਪ੍ਰਗਟ ਕਰ ਰਿਹਾ ਹੈ।
ਕਰਤਾਰਪੁਰ ਲਾਂਘੇ ਰਸਤੇ ਭਾਰਤ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ, ਪਾਕਿਸਤਾਨ, ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਪਹਿਲਾਂ ਦੀ ਤਰ੍ਹਾਂ ਹੀ 20 ਡਾਲਰ ਫੀਸ ਅਦਾ ਕਰਨਗੀਆਂ, ਜਿਸ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ।
ਕੌਮਾਂਤਰੀ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਪ੍ਰੋਜੈਕਟ ਲਈ ਕਰਤਾਰਪੁਰ ਜਾਣ ਵਾਲੇ ਪਾਕਿਸਤਾਨੀ ਨਾਗਰਿਕਾਂ ਤੋਂ ਵੀ ਫੀਸ ਲਈ ਜਾਂਦੀ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨ ਤੋਂ ਆਏ ਵਿਅਕਤੀਆਂ ਨੂੰ ਕਰਤਾਰਪੁਰ ਜਾਣ ਸਮੇਂ ਪ੍ਰਤੀ ਵਿਅਕਤੀ 400 ਪਾਕਿਸਤਾਨੀ ਰੁਪਏ ਅਦਾ ਕਰਨੇ ਪੈਂਦੇ ਹਨ।
ਇਹ ਵੀ ਪੜ੍ਹੋ: 'ਮਾਮਲਾ 500 ਦਾ ਨਹੀਂ 10,000 ਕਰੋੜ ਰੁਪਏ ਦਾ ਹੈ'; ਵਾਇਰਲ ਵੀਡੀਓ ਨੇ ਵਧਾਈ ਕੇਂਦਰੀ ਮੰਤਰੀ ਤੋਮਰ ਸਣੇ ਸਿਰਸਾ ਦੀਆਂ ਮੁਸ਼ਕਿਲਾਂ