ਆਪ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਾਅਲੀ ਵੋਟਰਾਂ ਦੀ ਰਜਿਸਟਰੇਸ਼ਨ ਕਰਾਉਣ ਦੇ ਯਤਨਾਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿਓ: ਅਕਾਲੀ ਦਲ ਨੇ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਆਖਿਆ

ਗੁਰਦੁਆਰਾ ਚੋਣ ਕਮਿਸ਼ਨ ਨੂੰ ਲਿਖੇ ਇਕ ਪੱਤਰ ਵਿਚ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਜਾਅਲੀ ਵੋਟਰਾਂ ਦੀ ਰਜਿਸਟਰੇਸ਼ਨ ਕਰਵਾਏ ਜਾਣ ਦੇ ਕੁਝ ਮਾਮਲੇ ਲੀਗਲ ਸੈਲ ਦੇ ਧਿਆਨ ਵਿਚ ਆਏ ਹਨ।

By  Amritpal Singh August 9th 2024 06:50 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ (ਸੇਵਾ ਮੁਕਤ) ਐਸ ਐਸ ਸਾਰੋਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਲਈ  ਜਾਅਲੀ ਵੋਟਰਾਂ ਦੀ ਰਜਿਸਟਰੇਸ਼ਨ ਦੀ ਉਚ ਪੱਧਰੀ ਜਾਂਚ ਦੇ ਹੁਕਮ ਦੇਣ।

ਗੁਰਦੁਆਰਾ ਚੋਣ ਕਮਿਸ਼ਨ ਨੂੰ ਲਿਖੇ ਇਕ ਪੱਤਰ ਵਿਚ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ  ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਜਾਅਲੀ ਵੋਟਰਾਂ ਦੀ ਰਜਿਸਟਰੇਸ਼ਨ ਕਰਵਾਏ ਜਾਣ ਦੇ ਕੁਝ ਮਾਮਲੇ ਲੀਗਲ ਸੈਲ ਦੇ ਧਿਆਨ ਵਿਚ ਆਏ ਹਨ। ਉਹਨਾਂ ਕਿਹਾ ਕਿ ਇਕ ਸ਼ੁਭਚਿੰਤਕ ਨੇ ਇਕ ਵਟਸਐਪ ਗਰੁੱਪ ਜਿਸਦਾ ਨਾਂ ਇਲੈਕਸ਼ਨ ਸੁਪਰਵਾਈਜ਼ਰ ਜਗਰਾਓਂ ਹੈ, ਤੋਂ ਕੁਝ ਚੈਟ ਹਿਸਟਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਿਸ ਵਿਚ ਸੀਨੀਅਰ ਅਫਸਰ ਸਿੱਧੇ ਤੌਰ ’ਤੇ ਜੂਨੀਅਰ ਅਫਸਰਾਂ ਨੂੰ ਆਖ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਾਅਲੀ ਵੋਟਾਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ।

ਡਾ. ਚੀਮਾ ਨੇ ਕਿਹਾ ਕਿ ਵਟਸਐਪ ਚੈਟ  ਜੋ ਕਮਿਸ਼ਨ ਨੂੰ ਵੀ ਭੇਜੀ ਗਈ ਹੈ, ਵਿਚ ਇਕ ਸਰਕਸਾਰੀ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਾਅਲੀ ਵੋਟਰਾਂ ਦੀ ਰਜਿਸਟਰੇਸ਼ਨ ’ਤੇ ਇਤਰਾਜ਼ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਦਾ ਆਧਾਰ ਕਾਰਡ ਵਰਤ ਕੇ ਵੋਟਰ ਕਾਰਡ ਤੋਂ ਉਸਦੀ ਤਸਵੀਰ ਵਰਤ ਕੇ ਜਾਅਲੀ ਵੋਟ ਬਣਾਈ ਗਈ ਤਾਂ ਉਸਨੂੰ ਅਦਾਲਤ ਵਿਚ ਚੁਣੌਤੀ ਮਿਲ ਸਕਦੀ ਹੈ।  ਅਕਾਲੀ ਆਗੂ ਨੇ ਕਿਹਾ ਕਿ ਸਰਕਾਰੀ ਅਫਸਰ ਨੇ ਆਪਣੇ ਸੀਨੀਅਰ ਅਫਸਰਾਂ ਨੂੰ ਆਖਿਆ ਹੈ ਕਿ ਜੇਕਰ ਅਜਿਹਾ  ਹੋਇਆ ਤਾਂ ਫਿਰ ਕੌਣ ਜ਼ਿੰਮੇਵਾਰ ਹੋਵੇਗਾ।

ਡਾ. ਚੀਮਾ ਨੇ ਕਿਹਾ ਕਿ ਬਜਾਏ ਜੂਨੀਅਰ ਅਫਸਰਾਂ ਨੂੰ ਕਿਸੇ ਵੀ ਗੈਰ ਕਾਨੂੰਨੀ ਕੰਮ ਵਿਚ ਨਾ ਪੈਣ ਦੀ ਸਲਾਹ ਦੇਣ ਦੇ, ਐਸ ਡੀ ਐਮ ਰਾਏਕੋਟ ਨੇ ਅਫਸਰ ਨੂੰ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਾਅਲੀ ਵੋਟਾਂ ਬਣਾਉਣ ਅਤੇ ਸਾਰੀਆਂ ਸ਼ਿਕਾਇਤਾਂ ਉਹਨਾਂ ਕੋਲ ਆਉਣਗੀਆਂ ਜੋ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀਆਂ ਜਾਣਗੀਆਂ। ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਐਸ ਡੀ ਐਮ ਆਪਣੇ ਜੂਨੀਅਰ ਅਫਸਰਾਂ ਨੂੰ ਸੰਦੇਸ਼ ਭੇਜ ਰਿਹਾ ਹੈ ਕਿ ਉਹ ਗੈਰ ਕਾਨੂੰਨੀ ਕਾਰਵਾਈ ਵਿਚ ਸ਼ਾਮਲ ਹੋਣ ਬਾਰੇ ਕਿਸੇ ਕਿਸਮ ਦੀ ਚਿੰਤਾ ਨਾ ਕਰਨ।

ਡਾ. ਚੀਮਾ ਨੇ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਬੰਦ ਕੀਤੀਆਂ ਜਾਣ ਅਤੇ ਆਮ ਆਦਮੀ ਪਾਰਟੀ ਨੂੰ ਪੂਰਨ ਪਾਰਦਰਸ਼ੀ ਢੰਗ ਨਾਲ ਹੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰਾਂ ਦੀ ਰਜਿਸਟਰੇਸ਼ਨ ਕਰਵਾਉਣ ਬਾਰੇ ਆਖਿਆ ਜਾਵੇ। ਉਹਨਾਂ ਨੇ ਮੁੱਖ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਦੋਸ਼ੀ ਅਫਸਰਾਂ ਦੇ ਖਿਲਾਫ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।

Related Post