ਅਰਵਿੰਦ ਕੇਜਰੀਵਾਲ ਹੀ PM ਮੋਦੀ ਨੂੰ ਚੋਣਾਂ ਦੇ ਮੈਦਾਨ 'ਚ ਹਰਾ ਸਕਦੇ ਹਨ: ਰਾਘਵ ਚੱਢਾ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਮੁਤਾਬਕ ਪੂਰਾ ਦੇਸ਼ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਦੇਸ਼ ਵਿੱਚ ਸਿਰਫ਼ ਅਰਵਿੰਦ ਕੇਜਰੀਵਾਲ ਹੀ ਹਨ, ਜੋ ਚੋਣ ਲੜਾਈ ਵਿੱਚ ਪੀਐਮ ਮੋਦੀ ਨੂੰ ਹਰਾ ਸਕਦੇ ਹਨ। ਇਸ ਲਈ ਪੀਐਮ ਮੋਦੀ ਰਾਹੁਲ ਗਾਂਧੀ ਤੋਂ ਨਹੀਂ, ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ।
ਸਾਂਸਦ ਰਾਘਵ ਚੱਢਾ ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਵਧਦੀ ਜਾਵੇਗੀ, ਉਹ ਸੀਬੀਆਈ-ਈਡੀ ਰਾਹੀਂ 'ਆਪ' ਆਗੂਆਂ 'ਤੇ ਹਮਲੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਸਿਰਫ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨਾ ਹੈ। ਮਨੀਸ਼ ਸਿਸੋਦੀਆ ਦਾ ਇੱਕੋ ਇੱਕ ਗੁਨਾਹ ਹੈ ਕਿ ਉਸਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਦਾ ਭਵਿੱਖ ਬਦਲਣ ਦਾ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਲਹਿਰ ਵਿੱਚੋਂ ਪੈਦਾ ਹੋਈ ਪਾਰਟੀ ਹੈ। ਅਸੀਂ ਉਨ੍ਹਾਂ ਤੋਂ ਡਰਦੇ ਨਹੀਂ ਹਾਂ।
‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 18 ਲੱਖ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਦੇ ਜੇਲ੍ਹ ਜਾਣ ਦਾ ਅਫ਼ਸੋਸ ਨਾ ਕਰੋ, ਮਾਣ ਕਰੋ। ਉਨ੍ਹਾਂ ਨੇ ਕਿਹਾ ਹੈ ਕਿ ਆਜ਼ਾਦੀ ਘੁਲਾਟੀਆਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਮਹੀਨਿਆਂ-ਸਾਲਾਂ ਤੱਕ ਜੇਲ੍ਹ ਵਿੱਚ ਰਹੇ। ਇਸੇ ਤਰ੍ਹਾਂ ਅੱਜ ਇਹ ਕਾਲੇ ਅੰਗਰੇਜ਼ ਸੱਤਾ ਵਿੱਚ ਹਨ।