ਭਾਰਤ ਦੇ ਇਕ ਫ਼ੀਸਦ ਲੋਕਾਂ ਕੋਲ ਦੇਸ਼ ਦੀ 40% ਤੋਂ ਵੱਧ ਦੌਲਤ, ਗ਼ਰੀਬਾਂ 'ਤੇ ਜੀਐਸਟੀ ਦਾ ਵਧਿਆ ਬੋਝ
Oxfam Report India : ਭਾਰਤ ਦੇ ਸਭ ਤੋਂ ਅਮੀਰ ਇਕ ਫ਼ੀਸਦੀ ਲੋਕਾਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 40 ਫ਼ੀਸਦੀ ਤੋਂ ਵੱਧ ਹਿੱਸਾ ਹੈ, ਜਦਕਿ ਦੂਜੇ ਪਾਸੇ ਦੇਸ਼ ਦੀ ਅੱਧੀ ਆਬਾਦੀ ਦੇਸ਼ ਦੀ ਕੁੱਲ ਦੌਲਤ ਦੇ ਸਿਰਫ਼ 3 ਫ਼ੀਸਦੀ 'ਤੇ ਗੁਜ਼ਾਰਾ ਕਰ ਰਹੀ ਹੈ। ਇਕ ਰਿਪੋਰਟ ਅਨੁਸਾਰ ਨਵੰਬਰ 2022 ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਭਾਰਤ 'ਚ ਅਰਬਪਤੀਆਂ ਦੀ ਜਾਇਦਾਦ ਵਿੱਚ ਅਸਲ ਰੂਪ ਵਿੱਚ 121 ਫ਼ੀਸਦੀ ਜਾਂ ਹਰ ਰੋਜ਼ 3,608 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਹਾਲਾਂਕਿ ਜੀਐਸਟੀ ਅਦਾ ਕਰਨ ਦੇ ਮਾਮਲੇ ਵਿੱਚ ਬੋਝ ਆਮ ਆਦਮੀ 'ਤੇ ਜ਼ਿਆਦਾ ਪਿਆ।
ਅਧਿਕਾਰ ਸਮੂਹ ਆਕਸਫੈਮ ਇੰਟਰਨੈਸ਼ਨਲ ਨੇ ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਦੀ ਸਾਲਾਨਾ ਬੈਠਕ ਤੋਂ ਪਹਿਲੇ ਦਿਨ ਅੱਜ ਇੱਥੇ ਆਪਣੀ ਸਾਲਾਨਾ ਅਸਮਾਨਤਾ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ 'ਤੇ ਪੰਜ ਫੀਸਦੀ ਟੈਕਸ ਲਗਾਉਣ ਨਾਲ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਸਾਰਾ ਪੈਸਾ ਮਿਲ ਸਕਦਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ, '2017-2021 ਦੌਰਾਨ ਸਿਰਫ਼ ਇਕ ਅਰਬਪਤੀ ਗੌਤਮ ਅਡਾਨੀ 'ਤੇ ਗੈਰ-ਵਾਜਬ ਲਾਭ 'ਤੇ ਇਕ ਵਾਰ ਦੇ ਟੈਕਸ ਤੋਂ 1.79 ਲੱਖ ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਸਨ। ਇਹ ਰਕਮ 50 ਲੱਖ ਤੋਂ ਵੱਧ ਭਾਰਤੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਕ ਸਾਲ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕਾਫੀ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਅਰਬਪਤੀਆਂ ਤੋਂ ਉਨ੍ਹਾਂ ਦੀ ਪੂਰੀ ਸੰਪਤੀ ਉਤੇ ਦੋ ਫ਼ੀਸਦੀ ਦੀ ਦਰ ਨਾਲ ਇਕ ਵਾਰ ਟੈਕਸ ਲਗਾਇਆ ਜਾਂਦਾ ਹੈ ਤਾਂ ਇਸ ਨਾਲ ਦੇਸ਼ ਵਿਚ ਕੁਪੋਸ਼ਿਤ ਲੋਕਾਂ ਦੇ ਪੋਸ਼ਣ ਲਈ ਅਗਲੇ ਤਿੰਨ ਸਾਲ ਤੱਕ 40,423 ਕਰੋੜ ਰੁਪਏ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇਦਾ।
ਇਹ ਵੀ ਪੜ੍ਹੋ: ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਭਾਜਪਾ 'ਚ ਕਾਟੋ ਕਲੇਸ਼
ਇਸ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ 10 ਸਭ ਤੋਂ ਅਮੀਰ ਅਰਬਪਤੀਆਂ (1.37 ਲੱਖ ਕਰੋੜ ਰੁਪਏ) ਉਤੇ ਪੰਜ ਫ਼ੀਸਦੀ ਦਾ ਇਕਮੁਸ਼ਤ ਟੈਕਸ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ (86,200 ਕਰੋੜ ਰੁਪਏ) ਅਤੇ ਆਯੂਸ਼ ਮੰਤਰਾਲੇ (3,050 ਕਰੋੜ ਰੁਪਏ) ਵੱਲੋਂ 2022-23 ਲਈ ਅਨੁਮਾਨਿਤ ਧਨ ਦੇ 1.5 ਗੁਣਾ ਤੋਂ ਜ਼ਿਆਦਾ ਹੈ।