ਠੰਢ ’ਤੇ ਭਾਰੀ ਪਈ ਆਸਥਾ, ਮਾਘੀ ਦੇ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਪੁੱਜੀ ਸੰਗਤ

By  Ravinder Singh January 14th 2023 10:18 AM -- Updated: January 14th 2023 10:44 AM

ਸ੍ਰੀ ਮੁਕਤਸਰ : ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ 'ਚ ਲੱਗਣ ਵਾਲੇ ਮੇਲਾ ਮਾਘੀ ਉਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ ਤੇ ਸਰੋਵਰ ਵਿਚ ਇਸ਼ਨਾਨ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਲਈ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਨਜ਼ਰ ਆਈਆਂ। ਸੰਗਤ ਤੜਕੇ ਤੋਂ ਹੀ ਪੁੱਜਣੀ ਸ਼ੁਰੂ ਹੋ ਗਈ ਸੀ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਸੀ।


ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਮੇਲਾ ਮਾਘੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮਾਘੀ ਇਸ਼ਨਾਨ ਦੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। ਸੰਗਤਾਂ ਦੀ ਆਮਦ 13 ਅਤੇ 14 ਜਨਵਰੀ ਦੀ ਦਰਮਿਆਨੀ ਰਾਤ ਹੀ ਸ਼ੁਰੂ ਹੋ ਗਈ ਸੀ।

ਰਾਤ 12 ਵਜੇ ਤੋਂ ਬਾਅਦ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਪਵਿੱਤਰ ਸਰੋਵਰ ਵਿਖੇ ਇਸ਼ਨਾਨ ਸ਼ੁਰੂ ਕਰ ਦਿੱਤਾ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ, ਜਿਨ੍ਹਾਂ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ। ਸੰਗਤ ਦੀ ਆਮਦ ਨੂੰ ਵੇਖ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਮੁੱਖ ਮਾਰਗਾਂ ਉਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਤੇ ਸੰਗਤ ਵੱਲੋਂ ਲੰਗਰ ਲਾਏ ਗਏ ਹਨ।


ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਰਿਹਾਇਸ਼ ਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਬੀਤੀ ਦੇਰ ਰਾਤ ਤੋਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ ਦਿਨ ਚੜ੍ਹਦਿਆਂ ਹੋਰ ਵਧਦੀ ਗਈ। ਪਵਿੱਤਰ ਸਰੋਵਰ ਵਿਚ ਆਸਥਾ ਦੀ ਇਹ ਡੁਬਕੀ ਕੜਾ ਕੇ ਦੀ ਠੰਢ ਉਤੇ ਭਾਰੀ ਪੈਂਦੀ ਨਜ਼ਰ ਆਈ।

ਇਹ ਵੀ ਪੜ੍ਹੋ : Maghi Mela Muktsar 2023: ਇਤਿਹਾਸਕ ਗੁਰਦੁਆਰਿਆਂ ਦਾ ਸੰਗਮ 'ਮੇਲਾ ਮਾਘੀ'

ਵੱਡੀ ਗਿਣਤੀ ’ਚ ਸ੍ਰੀ ਮੁਕਤਸਰ ਸਾਹਿਬ ਪਹੁੰਚੀਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ ਗੁਰਦੁਆਰਾ ਤਰਨ ਤਾਰਨ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। 12 ਜਨਵਰੀ ਤੋਂ ਆਰੰਭ ਹੋਏ ਮੇਲੇ ਸਬੰਧੀ ਧਾਰਮਿਕ ਸਮਾਗਮਾਂ ਦੀ ਸਮਾਪਤੀ 15 ਜਨਵਰੀ ਨੂੰ ਹੋਵੇਗੀ। 15 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਤੱਕ ਨਗਰ ਕੀਰਤਨ ਸਜਾਏ ਜਾਣਗੇ।

Related Post