ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮਜ਼ਾਕ 'ਚ ਪੇਸ਼ ਆਉਣ ਦੇ ਦੋਸ਼ਾਂ ਤਹਿਤ ਸੀ.ਐੱਮ. ਭਗਵੰਤ ਮਾਨ ਤਨਖਾਹੀਆ ਕਰਾਰ - ਧਿਆਨ ਸਿੰਘ ਮੰਡ

By  Jasmeet Singh August 18th 2023 01:38 PM -- Updated: August 18th 2023 02:13 PM

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅੱਜ ਮੀਡੀਆ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ, ਜਿੱਥੇ ਗੁਰਦਵਾਰਾ ਐਕਟ 1925 ਨਾਲ ਕੁੱਝ ਬੇਲੋੜੀਆਂ ਧਾਰਵਾਂ ਜੋੜਦਿਆਂ ਸਰਕਾਰੀ ਦਖਲ ਅੰਦਾਜ਼ੀ ਦਾ ਰਾਹ ਮੋਕਲਾ ਕੀਤਾ। 

ਉਨ੍ਹਾਂ ਕਿਹਾ ਉੱਥੇ ਹੀ ਸੀ.ਐੱਮ. ਮਾਨ ਨੇ ਸਿੱਖਾਂ ਦੀ ਦਸਤਾਰ ਦਾ ਵੀ ਮਜ਼ਾਕ ਉਡਾਇਆ ਸੀ, ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨੋਟਿਸ ਲਿਆ ਗਿਆ ਅਤੇ ਮੁੱਖ ਮੰਤਰੀ ਪੰਜਾਬ ਨੂੰ ਇਸ ਬਾਰੇ ਜਿੰਮੇਵਾਰ ਸਮਝਦਿਆਂ ਸਪਸ਼ਟੀਕਰਨ ਮੰਗਿਆ ਗਿਆ ਸੀ। 

ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਵੱਲੋਂ ਦਾਸ ਨੂੰ ਬਖਸ਼ਿਸ਼ ਕੀਤੀ ਗਈ ਹੈ ਅਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਦੇ ਫਰਜ਼ ਨਿਭਾਉਂਦਿਆਂ ਉਨ੍ਹਾਂ ਹਰ ਵੇਲੇ ਪੰਥ ਦੇ ਖਿਲਾਫ ਹੋ ਰਹੀਆਂ ਸਰਕਾਰੀ ਜਾਂ ਗੈਰ ਸਰਕਾਰੀ ਸਾਜਿਸ਼ਾਂ ਉੱਤੇ ਹਮੇਸ਼ਾ ਬਾਜ ਅੱਖ ਰੱਖੀ ਹੈ।


ਭਾਈ ਮੰਡ ਨੇ ਕਿਹਾ ਕਿ ਇਸ ਸਬੰਧ ਵਿੱਚ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਤੇ ਰਵਾਇਤ ਅਨੁਸਾਰ ਤਿੰਨ ਮੌਕੇ ਮੁੱਖ ਮੰਤਰੀ ਨੂੰ ਦਿੱਤੇ ਗਏ ਸਨ ਪ੍ਰੰਤੂ ਅਖੀਰਲੇ ਮੌਕੇ 'ਤੇ ਇੱਕ ਬੰਦ ਲਿਫ਼ਾਫ਼ਾ ਭੇਜਿਆ ਗਿਆ, ਜਿਸ ਕਰਕੇ ਮੁੱਖ ਮੰਤਰੀ ਦੇ ਸਪਸ਼ਟੀਕਰਨ ਨੂੰ ਪੜਨ ਲਈ ਕੁੱਝ ਦਿਨਾਂ ਵਾਸਤੇ ਕਾਰਵਾਈ ਨੂੰ ਅੱਗੇ ਪਾਇਆ ਗਿਆ। 

ਉਨ੍ਹਾਂ ਕਿਹਾ ਕਿ ਪ੍ਰੰਤੂ ਹੁਣ ਜਦੋਂ ਉਹ ਚਿੱਠੀ ਪੜ੍ਹੀ ਹੈ ਤਾਂ ਇਸ ਨਾਲ ਅਕਾਲ ਤਖਤ ਸਾਹਿਬ ਜਾਂ ਪੰਥਕ ਜ਼ਜ਼ਬਾਤਾਂ ਅਨੁਸਾਰ ਕੋਈ ਅਹਿਮੀਅਤ ਨਹੀਂ ਬਣਦੀ, ਇਸ ਕਰਕੇ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਇਹ ਸਭ ਕੁੱਝ ਇੱਕ ਸਾਜ਼ਿਸ਼ ਅਧੀਨ ਜਾਣ ਬੁੱਝ ਕੇ, ਬਦਨੀਤੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਰਕੇ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਵਿੱਚ ਵਿਚਾਰ ਕਰਨ ਉਪਰੰਤ ਇਹ ਗੁਰਮਤਾ ਸੋਧਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਣ ਬੁੱਝ ਕੇ ਅਕਾਲ ਤਖਤ ਸਾਹਿਬ ਦਾ ਸਮਾਂ ਖਰਾਬ ਕਰਦੇ ਰਹੇ ਹਨ ਅਤੇ ਉਸ ਨੂੰ ਆਪਣੇ ਕੀਤੇ ਉੱਤੇ ਕੋਈ ਪਛਤਾਵਾ ਨਹੀਂ ਹੋ ਰਿਹਾ ਹੈ।


ਭਾਈ ਮੰਡ ਨੇ ਕਿਹਾ ਕਿ ਇਸ ਲਈ ਅਜਿਹੇ ਬੱਜਰ ਗੁਨਾਹ ਅਤੇ ਅਕਾਲ ਤਖਤ ਸਾਹਿਬ ਨਾਲ ਮਜਾਕ ਵਿੱਚ ਪੇਸ਼ ਆਉਣ ਦੇ ਦੋਸ਼ ਵਿੱਚ ਭਗਵੰਤ ਮਾਨ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਸਮੁੱਚੇ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਭਗਵੰਤ ਮਾਨ ਨੂੰ ਉਨ੍ਹਾਂ ਚਿਰ ਕਿਸੇ ਵੀ ਪੰਥਕ ਸਮਾਗਮ ਜਾਂ ਗੁਰਦੁਆਰਾ ਸਾਹਿਬ ਦੀ ਸਟੇਜ ਉੱਤੇ ਨਾ ਬੋਲਣ ਦਿੱਤਾ ਜਾਵੇ ਅਤੇ ਨਾ ਹੀ ਗੁਰੂ ਦੀ ਬਖਸ਼ਿਸ਼ ਸਿਰਪਾਉ ਦਿੱਤਾ ਜਾਵੇ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਮਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗ ਲੈਂਦੇ। ਸਿੱਖ ਸੰਗਤਾਂ ਇਸ ਆਦੇਸ਼ ਨੂੰ ਮੰਨਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

Related Post