Om Prakash Chautala : ਪੰਜ ਤੱਤਾਂ ਵਿਚ ਵਿਲੀਨ ਹੋਏ ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ
ਹਰਿਆਣਾ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੌਟਾਲਾ ਦਾ ਸਿਰਸਾ ਦੇ ਪਿੰਡ ਤੇਜਾ ਖੇੜਾ ਦੇ ਇੱਕ ਫਾਰਮ ਹਾਊਸ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਹਰਿਆਣਾ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੌਟਾਲਾ ਦਾ ਸਿਰਸਾ ਦੇ ਪਿੰਡ ਤੇਜਾ ਖੇੜਾ ਦੇ ਇੱਕ ਫਾਰਮ ਹਾਊਸ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਵੱਡੇ ਬੇਟੇ ਅਜੈ ਚੌਟਾਲਾ ਅਤੇ ਛੋਟੇ ਬੇਟੇ ਅਭੈ ਚੌਟਾਲਾ ਨੇ ਮਿਲ ਕੇ ਉਨ੍ਹਾਂ ਦੀ ਚਿਖਾ ਨੂੰ ਅੱਗ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਮਾਧੀ 'ਤੇ ਲਿਜਾਣ ਸਮੇਂ ਉਨ੍ਹਾਂ ਦੇ ਸਮਰਥਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ 'ਓਪੀ ਚੌਟਾਲਾ-ਜ਼ਿੰਦਾਬਾਦ' ਦੇ ਨਾਅਰੇ ਲਾਏ।
ਅੰਤਿਮ ਵਿਦਾਈ ਲਈ ਉਨ੍ਹਾਂ ਦੀ ਸਮਾਧ ਵਾਲੀ ਥਾਂ ਨੂੰ 12 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ। ਉੱਥੇ ਲਾਲ ਚੰਦਨ ਦੀ ਲੱਕੜ ਵੀ ਲਿਆਂਦੀ ਗਈ। ਅੰਤਿਮ ਯਾਤਰਾ ਤੋਂ ਪਹਿਲਾਂ ਉਪ ਰਾਸ਼ਟਰਪਤੀ ਜਗਦੀਪ ਧਨਖੜ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੀਐਮ ਨਾਇਬ ਸੈਣੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਸ ਫਾਰਮ ਹਾਊਸ ਵਿੱਚ ਦੁਪਹਿਰ 2 ਵਜੇ ਤੱਕ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। ਜਿੱਥੇ ਉਨ੍ਹਾਂ ਦੀ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਅਤੇ ਉਨ੍ਹਾਂ ਨੂੰ ਹਰੇ ਰੰਗ ਦੀ ਪੱਗ ਅਤੇ ਐਨਕਾਂ ਪਹਿਨਾਈਆਂ ਗਈਆਂ। ਉਨ੍ਹਾਂ ਦੀ ਅੰਤਿਮ ਵਿਦਾਈ ਮੌਕੇ ਉਨ੍ਹਾਂ ਦੇ ਦੋ ਸਿਆਸੀ ਤੌਰ 'ਤੇ ਵਿਛੜੇ ਪੁੱਤਰ ਅਜੈ ਚੌਟਾਲਾ ਅਤੇ ਅਭੈ ਚੌਟਾਲਾ ਅਤੇ ਓਪੀ ਚੌਟਾਲਾ ਦੇ ਭਰਾ ਰਣਜੀਤ ਚੌਟਾਲਾ ਵੀ ਇਕੱਠੇ ਮੌਜੂਦ ਰਹੇ।