'ਆਪ' ਦੇ ਲਾਰੇ ਪਿੰਡਾਂ ਦੀਆਂ ਸੱਥਾਂ 'ਚ ਨਹੀਂ ਪੁੱਜੇ ਅਧਿਕਾਰੀ 'ਵਿਚਾਰੇ'

By  Pardeep Singh October 31st 2022 10:20 AM

ਚੰਡੀਗੜ੍ਹ: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕਣ ਮਗਰੋਂ ਐਲਾਨ ਕੀਤਾ ਸੀ ਕਿ ਹੁਣ ਸਰਕਾਰ ਚੰਡੀਗੜ੍ਹ ਤੋਂ ਨਹੀਂ ਬਲਕਿ ਪੰਜਾਬ ਦੇ ਪਿੰਡਾਂ ਤੋਂ ਚੱਲੇਗੀ। ਉਨ੍ਹਾਂ ਇਹ ਵੀ ਵਾਅਦਾ ਕੀਤਾ ਸੀ ਕਿ ਅਧਿਕਾਰੀ ਪਿੰਡਾਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਜਾਣਗੇ ਪਿੰਡਾਂ ਦੇ ਲੋਕਾਂ ਨੂੰ ਚੰਡੀਗੜ੍ਹ ਆਉਣਾ ਪਵੇਗਾ। ਸੱਤ ਮਹੀਨੇ ਲੰਘ ਚੁੱਕੇ ਹਨ ਪ੍ਰੰਤੂ ਪਿੰਡਾਂ ਦੀਆਂ ਸੱਥਾਂ ਤੋਂ ਹਾਲੇ ਵੀ ਉੱਚ ਅਫ਼ਸਰ ਦੂਰ ਹਨ। ਪੰਜਾਬ ਸਰਕਾਰ ਵੱਲੋਂ 5 ਅਪਰੈਲ ਨੂੰ ਹੀ ਜ਼ਿਲ੍ਹਿਆਂ ਦੇ ਮਹੱਤਵਪੂਰਨ ਪ੍ਰੋਗਰਾਮਾਂ ਦੀ ਸਮੀਖਿਆ ਅਤੇ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਕੰਮ ਕਾਜ ਦੇਖਣ ਲਈ ਪ੍ਰਬੰਧਕਾਂ ਸਕੱਤਰਾਂ ਦੀਆਂ ਡਿਊਟੀਆਂ ਜ਼ਿਲ੍ਹਾ ਵਾਈਜ਼ ਲਾਈਆਂ ਸਨ। ਝੋਨੇ ਦੀ ਖ਼ਰੀਦ ਦੀ ਦੇਖ-ਰੇਖ ਵੀ ਕੀਤੀ ਜਾਣੀ ਸੀ। ਲੰਘੇ ਛੇ ਮਹੀਨਿਆਂ ਵਿਚ ਬਹੁ-ਗਿਣਤੀ ਪ੍ਰਬੰਧਕੀ ਸਕੱਤਰਾਂ ਨੇ ਅਲਾਟ ਕੀਤੇ ਜ਼ਿਲ੍ਹੇ ਦਾ ਦੌਰਾ ਹੀ ਨਹੀਂ ਕੀਤਾ। 


    ਆਮ ਰਾਜ ਪ੍ਰਬੰਧ ਵਿਭਾਗ ਨੇ 21 ਅਕਤੂਬਰ ਨੂੰ ਇਨ੍ਹਾਂ ਉੱਚ ਅਫ਼ਸਰਾਂ ਤੋਂ ਪੰਜਾਬ ਦੇ ਕੀਤੇ ਦੌਰਿਆਂ ਦੀ ਸੂਚਨਾ ਮੰਗੀ ਸੀ।  ਜਦੋਂ ਕਿਸੇ ਵੀ ਉੱਚ ਅਧਿਕਾਰੀ ਨੇ ਰਿਪੋਰਟ ਨਾ ਭੇਜੀ ਤਾਂ ਮੁੱਖ ਮੰਤਰੀ ਨੇ ਹੁਕਮ ਜਾਰੀ ਕੀਤੇ ਕਿ 30 ਅਕਤੂਬਰ ਤੱਕ ਹਰ ਅਧਿਕਾਰੀ ਅਲਾਟ ਹੋਏ ਜ਼ਿਲ੍ਹੇ ਵਿਚ ਕੀਤੇ ਦੌਰਿਆਂ ਦੀ ਪ੍ਰੋਫਾਰਮੇ ਵਿਚ ਸੂਚਨਾ ਭੇਜੇ। ਇਨ੍ਹਾਂ ਹੁਕਮਾਂ ਤੋਂ ਉੱਚ ਅਫ਼ਸਰਾਂ ਵਿਚ ਹਿਲਜੁਲ ਸ਼ੁਰੂ ਹੋ ਗਈ ਹੈ। ਲੰਘੇ ਕੱਲ੍ਹ ਦੋ ਉੱਚ ਅਧਿਕਾਰੀ ਆਪੋ ਆਪਣੇ ਜ਼ਿਲ੍ਹੇ ਵਿਚ ਗਏ ਵੀ ਹਨ। ਇਨ੍ਹਾਂ ਪ੍ਰਬੰਧਕੀ ਸਕੱਤਰਾਂ ਨੂੰ ਕਿਹਾ ਗਿਆ ਸੀ ਕਿ ਦੌਰਾ ਕਰਕੇ ਆਮ ਆਦਮੀ ਕਲੀਨਿਕ, ਪਰਾਲੀ ਤੋਂ ਇਲਾਵਾ ਹੋਰਨਾਂ ਸਕੀਮਾਂ ਦਾ ਜਾਇਜ਼ਾ ਲਿਆ ਜਾਵੇ। ਆਮ ਤੌਰ ’ਤੇ ਅਨਾਜ ਦੀ ਖ਼ਰੀਦ ਦੇ ਸੀਜ਼ਨ ਵਿਚ ਅਧਿਕਾਰੀ ਮੰਡੀਆਂ ਦਾ ਦੌਰਾ ਕਰਦੇ ਹਨ ਪ੍ਰੰਤੂ ਐਤਕੀਂ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਉੱਚ ਅਧਿਕਾਰੀ ਨੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ’ਚ ਤਿੰਨ ਮੀਟਿੰਗਾਂ ਰੱਖੀਆਂ ਜੋ ਮਗਰੋਂ ਰੱਦ ਕਰ ਦਿੱਤੀਆਂ ਸਨ।

    ਕਿਸਾਨ ਆਗੂ ਵੀ ਆਖਦੇ ਹਨ ਕਿ ਖੇਤੀ ਪ੍ਰਧਾਨ ਸੂਬੇ ਵਿਚ ਲੋੜ ਇਸ ਗੱਲ ਦੀ ਸੀ ਕਿ ਖੇਤੀ ਮਹਿਕਮੇ ਦੇ ਉੱਚ ਅਫ਼ਸਰ ਜ਼ਿਆਦਾ ਸਮਾਂ ਫ਼ੀਲਡ ਵਿਚ ਗੁਜ਼ਾਰਦੇ ਪ੍ਰੰਤੂ ਇਸ ਦੇ ਉਲਟ ਅਧਿਕਾਰੀ ਉਦੋਂ ਹੀ ਪੰਜਾਬ ਵਿਚ ਜਾਂਦੇ ਹਨ ਜਦੋਂ ਮੁੱਖ ਮੰਤਰੀ ਜਾਂ ਵਜ਼ੀਰ ਦਾ ਦੌਰਾ ਹੁੰਦਾ ਹੈ। ਪੰਜਾਬ ਦੇ ਸਿੰਚਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਅਜਿਹੇ ਇਕਲੌਤੇ ਅਧਿਕਾਰੀ ਜਾਪਦੇ ਹਨ ਜੋ ਪੰਜਾਬ ਵਿਚ ਸਭ ਤੋਂ ਵੱਧ ਦੌਰੇ ਕਰਦੇ ਹਨ। ਬੇਸ਼ਕ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਦੌਰੇ ਕਰਨ ਦੇ ਹੁਕਮ ਕੀਤੇ ਹਨ ਪ੍ਰੰਤੂ ਹਾਲੇ ਤੱਕ ਇਹ ਦੌਰੇ ਹਕੀਕਤ ਨਹੀਂ ਬਣ ਰਹੇ ਹਨ।  ਚਰਚੇ ਹਨ ਕਿ ਪੰਜਾਬ ਦੀ ਨੌਕਰਸ਼ਾਹੀ ਹਾਲੇ ਤੱਕ ਸਰਕਾਰ ਨਾਲ ਤਾਲਮੇਲ ਵਿਚ ਨਹੀਂ ਜਾਪਦੀ ਹੈ। ਨੌਕਰਸ਼ਾਹੀ ਦੀ ਵਜ੍ਹਾ ਕਰਕੇ ਸਰਕਾਰ ਦੀ ਕਈ ਫਰੰਟਾਂ ’ਤੇ ਕਿਰਕਿਰੀ ਵੀ ਝੱਲਣੀ ਪਈ ਹੈ। ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੋਂ ਵੀ ਨੌਕਰਸ਼ਾਹੀ ਦਾ ਵੱਡਾ ਹਿੱਸਾ ਕਾਫ਼ੀ ਦੁਖੀ ਹੈ। ਪਿਛਲੇ ਦਿਨਾਂ ਵਿਚ ਇੱਕ ਕਥਿਤ ਦਾਗ਼ਦਾਰ ਉੱਚ ਅਧਿਕਾਰੀ ਦੇ ਸਰਕਾਰ ਦੀ ਅਗਲੀ ਸਫ਼ਾ ਤੱਕ ਪਹੁੰਚ ਬਣਾਏ ਜਾਣ ਤੋਂ ਸਰਕਾਰ ’ਤੇ ਉਂਗਲ  ਵੀ ਉੱਠਣ ਲੱਗੀ ਹੈ। 

  ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਦੋ ਅਧਿਕਾਰੀਆਂ ’ਤੇ ਕੀਤੀ ਛਾਪੇਮਾਰੀ ਮਗਰੋਂ ਪੰਜਾਬ ਦੇ ਬਹੁਤੇ ਅਧਿਕਾਰੀ ਖ਼ੌਫ਼ ਵਿਚ ਹਨ ਅਤੇ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਮੁੱਲ ਲੈਣ ਲਈ ਤਿਆਰ ਨਹੀਂ ਹਨ। ਪੰਜਾਬ ਸਰਕਾਰ ਨੇ ਇੱਕ ਚੰਗੇ ਅਕਸ ਵਾਲੇ ਉੱਚ ਅਧਿਕਾਰੀ ਦਾ ਤਬਾਦਲਾ ਵੀ ਕੀਤਾ ਹੈ ਜਿਸ ਨੇ ਨਿਯਮਾਂ ਤੋਂ ਬਾਹਰ ਜਾ ਕੇ ਫਾਈਲ ’ਤੇ ਸਹੀ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਰਿਪੋਰਟ-ਰਵਿੰਦਰ ਮੀਤ 

ਇਹ ਵੀ ਪੜ੍ਹੋ:ਮੋਰਬੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 141, 70 ਜ਼ਖਮੀ, 50 ਤੋਂ ਵੱਧ ਲਾਪਤਾ

Related Post