ਨਾਵਲ ਬੰਚ ਨੇ ਅਮਰੀਕਾ ਦੇ ਐਨ ਆਰ ਆਈ ਪੰਜਾਬੀ ਲੇਖਕ ਦੀ ਪੁਸਤਕ 'ਚੇਜ਼ਿੰਗ ਡਿਗਨਿਟੀ’ ਕੀਤੀ ਰਿਲੀਜ਼

ਅਮਰੀਕਾ ਰਹਿੰਦੇ ਐਨ ਆਰ ਆਈ ਖ਼ੋਜੀ ਵਿਗਿਆਨੀ ਡਾ. ਰਛਪਾਲ ਸਹੋਤਾ ਦਾ ਅੱਜ ਨਾਵਲ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਰਿਲੀਜ਼ ਕੀਤਾ ਗਿਆ।

By  Jasmeet Singh March 1st 2023 06:43 PM

ਚੰਡੀਗੜ੍ਹ: ਅਮਰੀਕਾ ਰਹਿੰਦੇ ਐਨ ਆਰ ਆਈ ਖ਼ੋਜੀ ਵਿਗਿਆਨੀ ਡਾ. ਰਛਪਾਲ ਸਹੋਤਾ ਦਾ ਅੱਜ ਨਾਵਲ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਰਿਲੀਜ਼ ਕੀਤਾ ਗਿਆ।

ਪੰਜਾਬ ਦੇ ਸਾਬਕਾ ਚੀਫ਼ ਸੈਕਟਰੀ  ਤੇ ਸਾਬਕਾ ਚੀਫ਼ ਇਨਫਰਮੇਸ਼ਨ ਕਮਿਸ਼ਨਰ ਰਮੇਸ਼ ਇੰਦਰ ਸਿੰਘ ਨੇ ਸਾਬਕਾ IAS, ਲੇਖਕ ਤੇ ਮੌਟੀਵੇਸ਼ਨਲ ਬੁਲਾਰੇ ਅਤੇ TEDx ਸਪੀਕਰ  ਵਿਵੇਕ ਅਤਰੇ ਅਤੇ ਨਾਵਲ  ਬੰਚ ਦੇ ਫਾਊਂਡਰ ਹਰਦੀਪ ਚਾਂਦਪੁਰੀ ਦੇ ਨਾਲ ਮਿਲ ਕੇ ਇਹ ਪੁਸਤਕ ਰਿਲੀਜ਼ ਕੀਤੀ।

ਲੇਖਕ ਰਛਪਾਲ ਸਹੋਤਾ ਨੇ ਕਿਹਾ ਕਿ ਇਸ ਨਾਵਲ ਦਾ ਵਿਚਾਰ ਕਈ ਸਾਲਾਂ ਤੋਂ ਉਹਨਾਂ ਦੇ ਮਨ ਵਿਚ ਸੀ ਖ਼ਾਸ ਤੌਰ ’ਤੇ ਅਸਹਿਣਸ਼ੀਲ ਸਮਾਜ ਤੇ ਜਾਤੀਵਾਦ ਦਾ ਉਹਨਾਂ ਦੇ ਮਨ ’ਤੇ ਡੂੰਘਾ ਪ੍ਰਭਾਵ ਸੀ ਕਿ ਇਹ ਵਰਤਾਰੇ ਬੰਦੇ ਨੂੰ ਉਸ ਦੇ ਸੁਫ਼ਨਿਆਂ ਦੀ ਪੂਰਤੀ ਕਰਨ ਤੋਂ ਰੋਕ ਸਕਦੇ ਹਨ।

ਇਹ ਕਹਾਣੀ 1980ਵਿਆਂ ਤੇ 1990ਵਿਆਂ ਦੇ ਪੰਜਾਬ ਦੀ ਹੈ ਜਦੋਂ ਜਾਤੀਗਤ ਸਮਾਜ ਦਾ ਸ਼ਿਕਾਰ ਨੌਜਵਾਨ ਸਮਾਜਿਕ ਦਬਾਅ ਤੇ ਜਾਤੀਵਾਦੀ ਵਿਤਕਰੇ ਦੇ ਬਾਵਜੂਦ ਪੂਰੀ ਦ੍ਰਿੜ੍ਹਤਾ ਨਾਲ ਕਈ ਅਧਿਆਪਕਾਂ ਤੇ ਆਪਣੀ ਮਾਂ ਦੀ ਮਦਦ ਨਾਲ ਸਫਲਤਾ ਦੇ ਰਾਹ ਪੈਂਦਾ ਹੈ।

ਰਛਪਾਲ ਸਹੋਤਾ ਦਾ ਜੀਵਨ ਇਕ ਉਦਾਹਰਨ ਹੈ ਕਿ ਕਿਵੇਂ ਉਹ ਰੋਪੜ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਸਲੌਰਾ ਤੋਂ ਉੱਠ ਕੇ ਅਮਰੀਕਾ ਵਿਚ ਪ੍ਰੋਕਟਰ ਐਂਡ ਗੈਂਬਲ ਵਰਗੀ ਵੱਡੀ ਕੰਪਨੀ ਵਿਚ ਖੋਜ ਵਿਗਿਆਨੀ ਬਣੇ।

ਰਮੇਸ਼ਇੰਦਰ ਸਿੰਘ ਜਿਨ੍ਹਾਂ ਡੀ ਪੰਜਾਬ ਦੇ ਸੰਤਾਪ ਬਾਰੇ ਹਾਲ ਹੀ ਵਿਚ ਪਬਲਿਸ਼ ਹੋਈ ਕਿਤਾਬ 'Turmoil in Punjab' ਬਹੁਤ ਚਰਚਾ ਵਿਚ ਹੈ , ਨੇ ਰਛਪਾਲ ਸਹੋਤਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਬੀਤੇ ਸਮੇਂ ’ਤੇ ਝਾਤ ਮਾਰਨਾ ਜ਼ਰੂਰੀ ਹੈ ਤਾਂ ਹੀ ਵਿਅਕਤੀ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ ਅਤੇ ਨਾਲ ਹੀ ਨਵੀਂ ਤਾਕਤ ਪਾਉਂਦਾ ਹੈ ਤੇ ਆਪਣੀ ਜ਼ਿੰਦਗੀ ਦੇ ਟੀਚੇ ਹਾਸਲ ਕਰਨ ਦੇ ਸਮਰੱਥ ਹੁੰਦਾ ਹੈ।

ਵਿਵੇਕ ਅਤਰੇ ਨੇ ਕਿਹਾ ਕਿ ਹਰ ਕਿਸੇ ਦੀ ਆਪਣੀ ਕਹਾਣੀ ਹੁੰਦੀ ਹੈ ਤੇ ਇਹ ਸਾਂਝੀ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਭਾਵੇਂ ਉਹ ਕਾਲਪਨਿਕ ਹੋਵੇ ਜਾਂ ਗੈਰ ਕਾਲਪਨਿਕ, ਉਹ ਪਾਠਕਾਂ ਦੀ ਜ਼ਿੰਦਗੀ ਬਦਲਣ ਦੇ ਸਮਰੱਥ, ਉਹਨਾਂ ਨੂੰ ਪ੍ਰੇਰਿਤ ਕਰਨ ਦੇ ਸਮਰੱਥ ਤੇ ਰਾਹ ਦਸੇਰੀ ਹੁੰਦੀ ਹੈ।

ਉੱਘੇ ਪੱਤਰਕਾਰ ਬਲਜੀਤ ਬੱਲੀ, ਜਿਨ੍ਹਾਂ ਨੇ ਆਪਣੇ ਡਿਜੀਟਲ ਨਿਊਜ਼ ਮੀਡੀਆ ਪਲੇਟਫ਼ਾਰਮ ਤਿਰਛੀ ਨਜ਼ਰ ਮੀਡੀਆ ਰਾਹੀਂ ਪ੍ਰਕਾਸ਼ਨ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਹੈ, ਨੇ ਕਿਹਾ ਉਹ ਰਛਪਾਲ ਦੇ ਨਾਵਲ ਦੇ ਸਬੱਬ ਨਾਲ ਹੀ ਪਬਲਿਸ਼ਰ ਬਣ ਗਏ ਹਨ, ਵੈਸੇ ਅਜੇ ਕੋਈ ਅਜਿਹੀ ਸਕੀਮ ਨਹੀਂ ਸੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਇਹ ਕਹਾਣੀਆਂ ਸਹੀ ਪਾਠਕਾਂ ਤੱਕ ਪਹੁੰਚਾਉਣੀਆਂ ਹੁੰਦਾ ਹੈ ਤੇ ਡਾ. ਸਹੋਤਾ ਦੇ ਨਾਵਲ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਖ਼ਾਸ ਤੌਰ ’ਤੇ ਵਿਦੇਸ਼ਾਂ ਵਿਚ ਵੱਸਦੇ ਪਰਵਾਸੀ ਭਾਰਤੀਆਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹਰਦੀਪ ਚਾਂਦਪੁਰੀ, ਜਿਹੜੇ ਕਿ ਭਾਰਤ ਦੇ ਸਨਮਾਨਿਤ ਫ਼ੌਜੀ ਅਫ਼ਸਰ ਸਵਰਗੀ ਕੁਲਦੀਪ ਸਿੰਘ ਚਾਂਦਪੁਰੀ ਦੇ ਸਪੁੱਤਰ ਹਨ ਅਤੇ ਖ਼ੁਦ ਇਕ  ਖ਼ੁਦ ਇੱਕ ਪਬਲਿਸ਼ਰ ਵੀ ਹਨ  ਨੇ ਇੱਕ ਪੰਜਾਬੀ ਵੱਲੋਂ ਜਾਤੀਵਾਦ ਦੇ ਮਸਲੇ ਤੇ ਅੰਗਰੇਜ਼ੀ ਵਿਚ ਨਾਵਲ ਲਿਖੇ ਜਾਣ ਦੇ ਉੱਦਮ ਦੀ ਸ਼ਲਾਘਾ ਕੀਤੀ। ਚਾਂਦਪੁਰੀ ਨੇ ਕਿਹਾ ਕਿ ਇਹ ਨਾਵਲ ਸਭ ਲਈ ਪੜ੍ਹਨ ਵਾਲਾ ਹੈ ਕਿਉਂਕਿ ਲੇਖਕ ਨੇ ਪੰਜਾਬ ਵਿਚ ਜਾਤਪਾਤ ਦੇ  ਵੰਡ ਦੇ ਵਰਤਾਰੇ ਅਤੇ ਪਿੰਡਾਂ ਦੇ ਜੀਵਨ ਬਿਰਤਾਂਤ ਨੂੰ ਬਹੁਤ ਸੂਖਮਤਾ ਨਾਲ ਛੂਹਿਆ ਹੈ।

ਨਾਲ ਹੀ ਵਿੱਸਰ ਰਹੀਆਂ ਲੋਕ ਰਵਾਇਤਾਂ, ਸਮਾਜਿਕ ਸੰਸਥਾਵਾਂ ਤੇ ਸਾਡੇ ਅਮੀਰ ਸਭਿਆਚਾਰਕ ਵਿਰਸੇ ਦੀ ਗੱਲ ਕੀਤੀ ਹੈ। ਉਨ੍ਹਾਂ ਨਾਵਲ ਬੰਚ ਸੰਸਥਾ ਬਾਰੇ ਵੀ ਜਾਣਕਾਰੀ ਦਿੱਤੀ।

ਨਾਵਲ ਬੰਚ ਇਕ ਹਮਖ਼ਿਆਲੀ ਸੱਜਣਾ ਦਾ ਗਰੁੱਪ  ਹੈ ਜੋ ਲਿਖਾਰੀਆਂ , ਸਾਹਿਤਕ ਬਿਰਤੀਆਂ , ਸੰਗੀਤ, ਕਲਾ ਤੇ ਸਭਿਆਚਾਰ ਦੇ ਖੇਤਰ ਨਾਲ ਸਬੰਧਿਤ ਹਨ. ਇਸ ਸਾਲ ਦੇ ਸ਼ੁਰੂ ਵਿਚ ਇਹ ਅਦਾਰਾ ਕਾਇਮ ਕੀਤਾ ਗਿਆ।

Related Post