ਉੱਤਰਕਾਸ਼ੀ ਸੁਰੰਗ ਹਾਦਸਾ: 140 ਘੰਟਿਆਂ ਬਾਅਦ ਵੀ ਫਸੇ ਹੋਏ ਨੇ 40 ਤੋਂ ਵੱਧ ਮਜ਼ਦੂਰ; ਪਰਿਵਾਰਕ ਮੈਂਬਰ ਚਿੰਤਤ

By  Jasmeet Singh November 18th 2023 01:01 PM -- Updated: November 18th 2023 01:11 PM

ਦੇਹਰਾਦੂਨ: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ 'ਚ ਸਿਲਕਯਾਰਾ ਸੁਰੰਗ 'ਚ 40 ਤੋਂ ਵੱਧ ਮਜ਼ਦੂਰ ਕਰੀਬ 140 ਘੰਟਿਆਂ ਤੋਂ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਕੱਢਣ ਲਈ ਵੱਡੀ ਕੋਸ਼ਿਸ਼ ਵੀ ਨਾਕਾਮ ਹੋ ਗਈਆਂ ਹਨ। 

ਸ਼ੁੱਕਰਵਾਰ ਦੀ ਸ਼ਾਮ ਨੂੰ ਦੌਰਾਨ ਅਚਾਨਕ "ਤੜਕਦੀ ਆਵਾਜ਼" ਸੁਣਾਈ ਦੇਣ ਤੋਂ ਬਾਅਦ ਬਚਾਅ ਕਾਰਜ ਰੁਕ ਗਿਆ ਅਤੇ ਡਰਿਲਿੰਗ ਮਸ਼ੀਨ ਵੀ ਖਰਾਬ ਹੋ ਗਈ। ਬਚਾਅ ਕਾਰਜ 'ਚ ਸ਼ਾਮਲ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਹਾਜ਼ ਰਾਹੀਂ ਹਾਦਸੇ ਵਾਲੀ ਥਾਂ 'ਤੇ ਦੂਜੀ ਭਾਰੀ ਮਸ਼ਕ ਭੇਜੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਫਿਰ ਤੋਂ ਬਚਾਅ ਕਾਰਜ ਸ਼ੁਰੂ ਹੋ ਜਾਵੇਗਾ।

ਟੁੱਟਿਆ ਮਸ਼ੀਨ ਦਾ ਬੇਅਰਿੰਗ
ਸ਼ੁੱਕਰਵਾਰ ਨੂੰ ਬਚਾਅ ਕਾਰਜ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਮਰੀਕੀ ਅਗਰ ਮਸ਼ੀਨ ਅੱਧ ਵਿਚਕਾਰ ਹੀ ਟੁੱਟ ਗਈ। ਮਸ਼ੀਨ ਦੀ ਬੇਅਰਿੰਗ ਖਰਾਬ ਹੋਣ ਕਾਰਨ ਇਹ ਅੱਗੇ ਨਹੀਂ ਵਧ ਸਕੀ। ਕਰੀਬ 25 ਮੀਟਰ ਡ੍ਰਿਲਿੰਗ ਕਰਨ ਤੋਂ ਬਾਅਦ ਮਸ਼ੀਨ ਹੇਠਾਂ ਕਿਸੇ ਧਾਤੂ ਵਸਤੂ ਨਾਲ ਟਕਰਾ ਗਈ। ਇਸ ਨਾਲ ਉੱਚੀ ਤੜਕਦੀ ਆਵਾਜ਼ ਵੀ ਸੁਣਾਈ ਦਿੱਤੀ। ਜਿਸ ਮਗਰੋਂ ਦੁਪਹਿਰ 2:45 ਵਜੇ ਤੋਂ ਬਾਅਦ ਬਚਾਅ ਕਾਰਜ ਰੋਕ ਦਿੱਤਾ ਗਿਆ।

ਡ੍ਰਿਲਡ ਸਟੀਲ ਪਾਈਪਾਂ ਰਾਹੀਂ ਭੋਜਨ ਅਤੇ ਪਾਣੀ ਦੀ ਸਪਲਾਈ
ਲੰਘੇ ਐਤਵਾਰ ਸਵੇਰ ਤੋਂ ਸੁਰੰਗ ਦਾ ਇੱਕ ਹਿੱਸਾ ਡਿੱਗਣ ਕਾਰਨ ਉੱਥੇ 40 ਤੋਂ ਵੱਧ ਮਜ਼ਦੂਰ ਫਸੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮਜ਼ਦੂਰ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਸਟੀਲ ਦੀਆਂ ਪਾਈਪਾਂ ਰਾਹੀਂ ਭੋਜਨ ਅਤੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਫਸੇ ਮਜ਼ਦੂਰਾਂ ਦੇ ਪਰਿਵਾਰ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ ਹਨ। ਪਰ ਲੰਬੇ ਸਮੇਂ ਤੋਂ ਰੁਕ-ਰੁਕ ਕੇ ਚੱਲ ਰਹੇ ਬਚਾਅ ਕਾਰਜ ਕਾਰਨ ਉਨ੍ਹਾਂ ਦੀ ਉਮੀਦਾਂ ਟੁੱਟ ਰਹੀਆਂ ਹਨ। 

ਮਜ਼ਦੂਰਾਂ ਨੂੰ ਸਦਮੇ ਅਤੇ ਹਾਈਪੋਥਰਮੀਆ ਦੇ ਖਤਰੇ 'ਚ ਮਜ਼ਦੂਰ
ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਲੈ ਕੇ ਵੀ ਚਿੰਤਾਵਾਂ ਵਧ ਰਹੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਸੁਰੰਗ 'ਚ ਬੰਦੀ ਬਣਕੇ ਰਹਿਣ ਨਾਲ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਹੁਤ ਮਾੜੇ ਪ੍ਰਭਾਵ ਪੈ ਸਕਦੇ ਹਨ। ਮਜ਼ਦੂਰਾਂ ਨੂੰ ਸਦਮੇ ਅਤੇ ਹਾਈਪੋਥਰਮੀਆ ਦਾ ਖ਼ਤਰਾ ਵੀ ਹੁੰਦਾ ਹੈ।

ਬਚਾਅ ਅਤੇ ਰਾਹਤ ਲਈ ਕੀਤੇ ਜਾ ਰਹੇ ਯਤਨਾਂ ਦੀ ਕੀਤੀ ਸ਼ਲਾਘਾ
ਝਾਰਖੰਡ ਸਰਕਾਰ ਦੀ ਇੱਕ ਟੀਮ ਆਪਣੇ ਵਰਕਰਾਂ ਦਾ ਹਾਲ-ਚਾਲ ਪੁੱਛਣ ਲਈ ਮੌਕੇ 'ਤੇ ਪਹੁੰਚੀ। ਆਈ.ਏ.ਐਸ ਅਧਿਕਾਰੀ ਭੁਵਨੇਸ਼ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਪਾਈਪ ਰਾਹੀਂ ਝਾਰਖੰਡ ਦੇ ਮਜ਼ਦੂਰ ਵਿਸ਼ਵਜੀਤ ਅਤੇ ਸੁਬੋਧ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕੇਂਦਰ ਅਤੇ ਉੱਤਰਾਖੰਡ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਬਚਾਅ ਅਤੇ ਰਾਹਤ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਹਾਦਸੇ ਦੇ ਪ੍ਰਬੰਧਨ ਅਤੇ ਬਚਾਅ ਕਾਰਜਾਂ ਲਈ ਪ੍ਰਸ਼ਾਸਨਿਕ ਪੱਧਰ 'ਤੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ।

ਉੱਤਰਕਾਸ਼ੀ ਦੇ ਮੁੱਖ ਮੈਡੀਕਲ ਅਧਿਕਾਰੀ ਆਰ.ਸੀ.ਐਸ ਪੰਵਾਰ ਨੇ ਕਿਹਾ ਕਿ ਸੁਰੰਗ ਦੇ ਨੇੜੇ ਇੱਕ ਅਸਥਾਈ ਹਸਪਤਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 10 ਐਂਬੂਲੈਂਸਾਂ ਦੇ ਨਾਲ ਕਈ ਮੈਡੀਕਲ ਟੀਮਾਂ ਵੀ ਮੌਕੇ 'ਤੇ ਤਾਇਨਾਤ ਹਨ ਤਾਂ ਜੋ ਮਜ਼ਦੂਰਾਂ ਨੂੰ ਬਾਹਰ ਆਉਣ 'ਤੇ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।

Related Post