'ਮੈਂ ਸਿਲਵਰ ਨਾਲ ਹੀ ਖੁਸ਼ ਹਾਂ...ਜਿਸ ਨੇ ਗੋਲਡ ਜਿੱਤਿਆ ਹੈ, ਉਹ ਵੀ ਮੇਰੇ ਪੁੱਤ ਵਰਗਾ', Neeraj Chopra ਦੀ ਮਾਂ ਦੇ ਭਾਵੁਕ ਬੋਲ
Neeraj Chopra Mother on Silver Medal : ਨੀਰਜ ਚੋਪੜਾ ਦੀ ਮਾਂ ਸਰੋਜ ਦੇਵੀ ਨੇ ਏਐਨਆਈ ਨੂੰ ਦੱਸਿਆ ਕਿ ਉਹ ਓਲੰਪਿਕ ਵਿੱਚ ਆਪਣੇ ਬੇਟੇ ਦੇ ਪ੍ਰਦਰਸ਼ਨ ਤੋਂ ਖੁਸ਼ ਹੈ। ਉਨ੍ਹਾਂ ਕਿਹਾ ਕਿ ਚਾਂਦੀ ਦਾ ਤਗਮਾ ਉਨ੍ਹਾਂ ਲਈ ਸੋਨਾ ਹੀ ਹੈ, ਮੈਂ ਇਸ ਤਗਮੇ ਨਾਲ ਹੀ ਖੁਸ਼ ਹਾਂ।
Neeraj Chopra Mother on Silver Medal : ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 'ਚ ਭਾਰਤ ਦਾ ਝੰਡਾ ਲਹਿਰਾਇਆ ਹੈ। ਭਾਰਤੀ ਜੈਵਲਿਨ ਥਰੋਅਰ ਨੀਰਜ ਨੇ 89.54 ਮੀਟਰ ਥਰੋਅ ਨਾਲ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। ਪੂਰੇ ਦੇਸ਼ ਨੂੰ ਨੀਰਜ ਚੋਪੜਾ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਮਾਣ ਹੈ। ਭਾਰਤ ਦੇ ਲੋਕਾਂ ਨੇ ਪਟਾਕੇ ਚਲਾ ਕੇ ਜਸ਼ਨ ਮਨਾਇਆ। ਇਸ ਨਾਲ ਨੀਰਜ ਚੋਪੜਾ 2 ਓਲੰਪਿਕ ਮੈਡਲ ਜਿੱਤਣ ਵਾਲੇ ਭਾਰਤ ਦੇ ਚੌਥੇ ਅਥਲੀਟ ਬਣ ਗਏ ਹਨ। ਨੀਰਜ ਦੇ ਮਾਤਾ-ਪਿਤਾ ਵੀ ਉਸ ਦੇ ਚਾਂਦੀ ਦਾ ਤਗਮਾ ਜਿੱਤਣ 'ਤੇ ਬਹੁਤ ਖੁਸ਼ ਹਨ।
'ਜਿਸ ਨੇ ਗੋਲਡ ਜਿੱਤਿਆ ਹੈ, ਉਹ ਵੀ ਮੇਰੇ ਪੁੱਤ ਵਰਗਾ'
ਨੀਰਜ ਦੀ ਮਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਰਸ਼ਦ ਨਦੀਮ ਨੂੰ ਵੀ ਆਪਣੇ ਮੁੰਡੇ ਵਰਗਾ ਕਿਹਾ। ਨੀਰਜ ਚੋਪੜਾ ਦੀ ਮਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਬੇਟੇ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹੈ ਕਿਉਂਕਿ ਉਸ ਨੇ ਪੈਰਿਸ ਓਲੰਪਿਕ 'ਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ 'ਚ ਚਾਂਦੀ ਦਾ ਤਮਗਾ ਜਿੱਤਿਆ ਹੈ।
ਨੀਰਜ ਦੇ ਪਿਤਾ ਨੇ ਕਿਹਾ, 'ਦੂਜੀ ਵਾਰ ਓਲੰਪਿਕ 'ਚ ਜਿੱਤਿਆ ਤਮਗਾ'
ਨੀਰਜ ਦੇ ਪਿਤਾ ਸਤੀਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਹਰ ਕਿਸੇ ਦਾ ਦਿਨ ਹੁੰਦਾ ਹੈ, ਅੱਜ ਅਰਸ਼ਦ ਦਾ ਦਿਨ ਸੀ, ਉਸ ਨੇ ਗੋਲਡ ਮੈਡਲ ਜਿੱਤਿਆ। ਅਸੀਂ ਦੂਜੀ ਵਾਰ ਓਲੰਪਿਕ ਵਿੱਚ ਜੈਵਲਿਨ ਵਿੱਚ ਤਮਗਾ ਜਿੱਤਿਆ ਹੈ, ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ।
ਸਤੀਸ਼ ਕੁਮਾਰ ਨੇ ਕਿਹਾ, 'ਹਰ ਕਿਸੇ ਦਾ ਦਿਨ ਹੁੰਦਾ ਹੈ। ਅੱਜ ਪਾਕਿਸਤਾਨ ਦਾ ਦਿਨ ਸੀ, ਪਰ ਅਸੀਂ ਚਾਂਦੀ ਦਾ ਤਮਗਾ ਜਿੱਤਿਆ ਹੈ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਸਤੀਸ਼ ਕੁਮਾਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਨੀਰਜ ਦੇ ਪ੍ਰਦਰਸ਼ਨ 'ਚ ਪਿੱਠ ਦੀ ਸੱਟ ਨੇ ਭੂਮਿਕਾ ਨਿਭਾਈ ਹੈ।'