ਨਵਜੋਤ ਸਿੱਧੂ ਧੜੇ ਨੇ ਹਾਈਕਮਾਨ ਨੂੰ ਲਿਖੀ ਚਿੱਠੀ, ਕਾਂਗਰਸ ਦੀ ਸਮਰਾਲਾ ਰੈਲੀ ਨੂੰ ਦੱਸਿਆ ਫੇਲ੍ਹ

By  KRISHAN KUMAR SHARMA February 12th 2024 01:56 PM

ਪੀਟੀਸੀ ਨਿਊਜ਼ ਡੈਸਕ: ਪੰਜਾਬ ਕਾਂਗਰਸ 'ਚ ਚੱਲ ਰਹੀ ਅੰਦਰੂਨੀ ਪਾਟੋ-ਧਾੜ ਜਿਉਂ ਦੀ ਤਿਉਂ ਜਾਰੀ ਹੈ। ਭਾਵੇਂ ਸਾਰੇ ਆਗੂ ਪਾਰਟੀ ਅੰਦਰ ਅਨੁਸ਼ਾਸਨ ਦੀ ਗੱਲ ਕਰ ਰਹੇ ਹਨ ਅਤੇ ਇਕਜੁਟਤਾ ਬਾਰੇ ਕਹਿੰਦੇ ਨਹੀਂ ਥੱਕਦੇ, ਪਰ ਕਾਂਗਰਸ ਹਾਈਕਮਾਂਡ ਨੂੰ ਲਿਖੀ ਇਸ ਚਿੱਠੀ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਹ ਚਿੱਠੀ ਸੀਨੀਅਰ ਕਾਂਗਰਸੀ ਨਵਜੋਤ ਸਿੰਘ ਸਿੱਧੂ (Navjot Sidhu) ਦੇ ਧੜੇ ਨੇ ਲਿਖੀ ਹੈ, ਜਿਸ ਨੇ ਕਾਂਗਰਸ (Congress) ਦੀ ਸਮਰਾਲਾ ਰੈਲੀ 'ਤੇ ਉਂਗਲ ਚੁੱਕਦਿਆਂ ਇਸ ਨੂੰ ਫੇਲ੍ਹ ਦੱਸਿਆ ਹੈ।

ਦੱਸ ਦਈਏ ਲੰਘੇ ਦਿਨ ਕਾਂਗਰਸ ਪਾਰਟੀ ਵੱਲੋਂ ਸਮਰਾਲਾ 'ਚ ਰੈਲੀ ਕੀਤੀ ਗਈ ਸੀ। ਇਹ ਰੈਲੀ ਵਿਸ਼ੇਸ਼ ਤੌਰ 'ਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਿੱਕਾਰੁਜਨ ਖੜਗੇ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ, ਪਰ ਨਵਜੋਤ ਸਿੰਘ ਸਿੱਧੂ ਇਸ ਰੈਲੀ ਵਿੱਚ ਸ਼ਾਮਲ ਨਹੀਂ ਹੋਏ ਸਨ, ਜਦਕਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਸ਼ਾਮਲ ਰਹੀ ਸੀ। ਹਾਲਾਂਕਿ ਇਸਤੋਂ ਪਹਿਲਾਂ ਵੀ ਸਿੱਧੂ ਪੰਜਾਬ ਮਾਮਲਿਆਂ ਦੇ ਇੰਚਾਰਜ ਯੋਗੇਂਦਰ ਯਾਦਵ ਦੀਆਂ ਮੀਟਿੰਗਾਂ ਤੋਂ ਵੀ ਨਦਾਰਦ ਰਹੇ ਸਨ ਅਤੇ ਕਿਆਸਰਾਈਆਂ ਸਨ ਕਿ ਉਹ ਕੌਮੀ ਪ੍ਰਧਾਨ ਦੀ ਰੈਲੀ 'ਚ ਸ਼ਾਮਲ ਜ਼ਰੂਰ ਹੋਣਗੇ, ਪਰ ਉਹ ਨਹੀਂ ਪਹੁੰਚੇ।

ਚਿੱਠੀ 'ਚ ਚੁੱਕੇ ਗਏ ਇਹ ਮੁੱਦੇ ਅਤੇ ਸਵਾਲ 

ਹੁਣ ਰੈਲੀ ਤੋਂ ਅਗਲੇ ਦਿਨ ਸਿੱਧੂ ਧੜੇ ਦੀ ਕਾਂਗਰਸ ਹਾਈਕਮਾਨ ਨੂੰ ਚਿੱਠੀ ਲਿਖੀ ਗਈ ਹੈ, ਜਿਸ 'ਚ ਸਮਰਾਲਾ ਰੈਲੀ ਨੂੰ ਫੇਲ੍ਹ ਦੱਸਿਆ ਗਿਆ ਹੈ।ਨਵਜੋਤ ਸਿੱਧੂ ਧੜੇ ਦੇ 10 ਆਗੂਆਂ ਵੱਲੋਂ ਚਿੱਠੀ ਵਿੱਚ ਰੈਲੀ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ ਹਨ। ਆਗੂਆਂ ਨੇ ਕਿਹਾ, ''ਕਾਂਗਰਸ ਦੀ ਅੱਜ ਦੀ ਸਮਰਾਲਾ ਰੈਲੀ, ਜਿਸ ਵਿੱਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਸਨ, ਦੀਆਂ ਤਸਵੀਰਾਂ ਬੜੀਆਂ ਚਿੰਤਾਜਨਕ ਹਨ। ਜਦੋਂ ਕਿ ਲੋਕ ਸਭਾ ਦੀਆਂ ਚੋਣਾਂ ਬਿਲਕੁਲ ਸਿਰ ਉੱਪਰ ਹਨ ਉਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪੂਰੀ ਲੀਡਰਸ਼ਿਪ ਦੁਆਰਾ 10 ਹਜ਼ਾਰ ਤੋਂ ਘੱਟ ਇਕੱਠ ਕਰ ਪਾਉਣਾ ਸੱਚਮੁੱਚ ਚਿੰਤਾਜਨਕ ਵਿਸ਼ਾ ਹੈ, ਜਦੋਂ ਪਾਰਟੀ ਦੀ ਪੰਜਾਬ ਲੀਡਰਸ਼ਿਪ ਬੋਲ ਰਹੀ ਸੀ ਲੋਕ ਉੱਠ ਕੇ ਜਾ ਰਹੇ ਸਨ ਅਤੇ ਹੱਦ ਤਾਂ ਉਸ ਵਕਤ ਹੋ ਗਈ ਜਦੋਂ ਕੁੱਲ ਹਿੰਦ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਜੀ ਬੋਲ ਰਹੇ ਸਨ ਤਾਂ ਦੋ ਸੌ ਦੇ ਕਰੀਬ ਲੋਕ ਹੀ ਮੌਜੂਦਾ ਸਨ, ਜੋ ਕਿ ਅਸਲ ਵਿੱਚ ਇਹ ਸਾਰਾ ਕੁੱਝ ਇਸ ਗੱਲ ਵੱਲ ਇਸ਼ਾਰਾ ਹੈ ਕਿ ਲੋਕ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਦੀ ਕਾਰਗੁਜਾਰੀ ਤੋਂ ਨਿਰਾਸ਼ ਹਨ। ਅਸਲ ਵਿੱਚ ਇਹ ਭੀੜ ਕਿਰਾਏ 'ਤੇ ਲਿਆਂਦੀ ਗਈ ਸੀ।''

ਸਿੱਧੂ ਨੂੰ ਮੁੜ ਪ੍ਰਧਾਨ ਲਗਾਉਣ ਦੀ ਮੰਗ!

ਆਗੂਆਂ ਨੇ ਅੱਗੇ ਕਿਹਾ, ''ਪੰਜਾਬ ਦੀ ਇਸ ਰੈਲੀ ਦੁਆਰਾ ਮਲਿਕਾ ਅਰਜੁਨ ਖੜਗੇ ਨੇ ਅੱਜ ਪੂਰੇ ਦੇਸ਼ ਦੇ ਕਾਂਗਰਸੀ ਵਰਕਰਾਂ ਵਿੱਚ ਜੋਸ਼ ਭਰਨਾ ਸੀ ਪਰ ਇਸ ਰੈਲੀ ਨੇ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਲਈ ਬੁਰੇ ਸੁਨੇਹੇ ਪੈਦਾ ਕੀਤੇ ਹਨ। ਦੂਸਰੇ ਪਾਸੇ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਲੋਕ ਮਿਲਣੀਆਂ ਵਿੱਚ ਆਪ ਮੁਹਾਰੇ ਹੀ 10 ਤੋਂ 15 ਹਜ਼ਾਰ ਵਰਕਰਾਂ ਇਕੱਠ ਹੋ ਜਾਂਦਾ ਹੈ ਅਤੇ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਬੋਲਦੇ ਰਹਿੰਦੇ ਹਨ ਕੋਈ ਵੀ ਪੰਡਾਲ ਵਿੱਚੋਂ ਉੱਠ ਕਿ ਨਹੀਂ ਜਾਂਦਾ। ਪਰ ਦੇਖਿਆ ਜਾਵੇ ਤਾਂ ਕਾਂਗਰਸ ਦੇ ਵਰਕਰ ਸੰਮੇਲਨ ਦੇ ਨਿਰਾਸ਼ਾਜਨਕ ਅਮਲ ਨਾਲ 2024 ਤੋਂ ਪਹਿਲਾਂ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਵਿਰੋਧੀ ਧਿਰਾਂ ਨੇ ਇਸ ਰੈਲੀ ਨੂੰ ਮੁੱਦਾ ਬਣਾ ਲਿਆ ਹੈ।''

ਸਿੱਧੂ ਧੜੇ ਨੇ ਕਿਹਾ ਕਿ ਹੁਣ ਲਾਜ਼ਮੀ ਹੈ ਕਿ ਕਾਂਗਰਸ ਦੀ ਹਾਈਕਮਾਂਡ ਨਵਜੋਤ ਸਿੱਧੂ ਵਰਗੇ ਲੀਡਰਾਂ ਨੂੰ ਵੀ ਹੋਰ ਸਰਗਰਮ ਹੋਣ ਲਈ ਹੁਕਮ ਦੇਵੇ, ਜਿਵੇਂ ਉਨ੍ਹਾਂ ਦੀਆਂ ਵਰਕਰ ਮਿਲਟੀਆਂ ਵਿੱਚ ਇਕੱਠ ਹੋਏ ਅਤੇ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਚਾਰ ਹੋਇਆ ਉਸੇ ਤਰਾਂ ਜਰੂਰੀ ਹੈ ਕਿ ਕਾਂਗਰਸ ਹਾਈਕਮਾਂਡ ਦੇ ਹੋਰ ਲੀਡਰ ਪ੍ਰਿੰਯਕਾ ਗਾਂਧੀ, ਰਾਹੁਲ ਗਾਂਧੀ ਅਤੇ ਮਲਿਕਾ ਅਰਜੁਨ ਖੜਗੇ ਵੀ ਪੰਜਾਬ ਵਿੱਚ ਵੱਧ ਤੋਂ ਵੱਧ ਲੋਕ ਮਿਲਣੀਆਂ ਕਰਨ।

Related Post