ਨਵਜੋਤ ਸਿੱਧੂ ਦਾ CM ਮਾਨ ਤੇ ਹਮਲਾ? ਜੋ ਪਰਿਵਾਰ ਨੂੰ ਨਹੀਂ ਸਾਂਭ ਪਾਇਆ ਉਹ ਪੰਜਾਬ ਕਿਵੇਂ ਸਾਂਭੇਗਾ

By  Jasmeet Singh January 8th 2024 01:19 PM
ਨਵਜੋਤ ਸਿੱਧੂ ਦਾ CM ਮਾਨ ਤੇ ਹਮਲਾ? ਜੋ ਪਰਿਵਾਰ ਨੂੰ ਨਹੀਂ ਸਾਂਭ ਪਾਇਆ ਉਹ ਪੰਜਾਬ ਕਿਵੇਂ ਸਾਂਭੇਗਾ

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ (Devendra Yadav) ਸੋਮਵਾਰ ਨੂੰ ਆਪਣੀ ਪਲੇਠੀ ਪੰਜਾਬ ਫੇਰੀ 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਨਤਮਸਤਕ ਹੋਣ ਪਹੁੰਚੇ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੇਵੇਂਦਰ ਯਾਦਵ ਨੇ ਸਪੱਸ਼ਟ ਕੀਤਾ ਹੈ ਕਿ ਉਹ 'ਆਪ' ਨਾਲ ਸੀਟਾਂ ਦੀ ਵੰਡ ਬਾਰੇ ਕੋਈ ਫੈਸਲਾ ਹੋਣ ਮਗਰੋਂ ਹੀ ਇਸ ਮੁੱਦੇ 'ਤੇ ਕੁਝ ਬੋਲਣਗੇ।

devendra yadav.jpg

ਪੰਜਾਬ ਕਾਂਗਰਸ ਨੂੰ ਲੈ ਕੇ ਦੇਵੇਂਦਰ ਯਾਦਵ ਸਾਹਮਣੇ ਕਿਹੜੇ ਮੁੱਖ ਮੁੱਦੇ?

ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਅਤੇ ਪੰਜਾਬ ਫੇਰੀ ਦੌਰਾਨ ਉਨ੍ਹਾਂ ਇਹ ਸਹੀ ਸਮਝਿਆ ਕਿ ਸਭ ਤੋਂ ਪਹਿਲਾਂ ਗੁਰੂ ਦੇ ਘਰ ਅਤੇ ਗੁਰੂ ਦੇ ਦਰ 'ਤੇ ਨਤਮਸਤਕ ਹੋਇਆ ਜਾਵੇ। 

ਦੱਸ ਦੇਈਏ ਕਿ ਪੰਜਾਬ ਕਾਂਗਰਸ ਨੂੰ ਲੈ ਕੇ ਯਾਦਵ ਦੇ ਸਾਹਮਣੇ ਜਿਹੜੇ ਮੁੱਖ ਮੁੱਦੇ ਹਨ ਉਨ੍ਹਾਂ ਵਿਚ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਨਾਲ ਗਠਜੋੜ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਤੇ ਹੋਰ ਆਗੂਆਂ ਦਰਮਿਆਨ ਪੈਦਾ ਹੋਈ ਦਰਾਰ ਨੂੰ ਭਰਨਾ ਹੈ। ਨਵਜੋਤ ਸਿੱਧੂ ਅਤੇ ਹੋਰਨਾਂ ਆਗੂਆਂ ਦਰਮਿਆਨ ਪੈਦਾ ਹੋਏ ਵਿਵਾਦ ਦੇ ਮਾਮਲੇ 'ਤੇ ਯਾਦਵ ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪਹਿਲਾਂ ਉਹ ਚੰਡੀਗੜ੍ਹ ਪਹੁੰਚ ਕੇ ਆਪਣੀ ਪਾਰਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਉਸ ਮੁਤਾਬਕ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ। 

punjab congress (5).jpg

11 ਜਨਵਰੀ ਤੱਕ ਪੰਜਾਬ 'ਚ ਰਹਿਣਗੇ ਯਾਦਵ 

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਦੇਵੇਂਦਰ ਯਾਦਵ ਦੁਰਗਿਆਣਾ ਮੰਦਰ ਅਤੇ ਦੁਪਹਿਰ 1 ਵਜੇ ਰਾਮ-ਤੀਰਥ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਸਿੱਧੇ ਚੰਡੀਗੜ੍ਹ ਲਈ ਰਵਾਨਾ ਹੋਣਗੇ। ਦੇਵੇਂਦਰ ਯਾਦਵ 11 ਜਨਵਰੀ ਤੱਕ ਪੰਜਾਬ ਵਿੱਚ ਹਨ ਅਤੇ ਅਗਲੇ ਤਿੰਨ ਦਿਨਾਂ ਤੱਕ ਉਹ ਲਗਾਤਾਰ ਚੰਡੀਗੜ੍ਹ ਪ੍ਰਦੇਸ਼ ਦਫ਼ਤਰ ਵਿੱਚ ਮੀਟਿੰਗਾਂ ਕਰਨਗੇ। 

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Raja Warring), ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa), ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਵੀ ਯਾਦਵ ਦਾ ਸਵਾਗਤ ਕਰਨ ਲਈ ਅੰਮ੍ਰਿਤਸਰ ਪੁੱਜੇ ਸਨ। ਉੱਥੇ ਹੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੌਰਾਨ ਨਵਜੋਤ ਸਿੱਧੂ ਅਤੇ ਅਮਰਿੰਦਰ ਰਾਜਾ ਵੜਿੰਗ ਦੇਵੇਂਦਰ ਯਾਦਵ ਦੇ ਨਾਲ ਹੀ ਰਹੇ।

navjot sidhu1.jpg

ਨਵਜੋਤ ਸਿੱਧੂ ਨੇ ਆਪਣੇ ਸਾਥੀਆਂ 'ਤੇ ਸਾਧੇ ਨਿਸ਼ਾਨੇ?

ਆਗੂਆਂ ਵਿਚਕਾਰ ਚਲ ਰਹੇ ਵਿਵਾਦ ਨੂੰ ਲੈ ਕੇ ਨਵਜੋਤ ਸਿੱਧੂ ਨੇ ਮੀਡੀਆ ਨੂੰ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਦੇ ਕੁਝ ਦਿੱਗਜਾਂ ਨੂੰ ਉਨ੍ਹਾਂ ਤੋਂ ਇਨ੍ਹੀ ਤਕਲੀਫ਼ ਕਿਉਂ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਇੱਕ ਇੱਕ ਵਰਕਰ ਨੂੰ ਦੇਵੇਂਦਰ ਯਾਦਵ ਨਾਲ ਖੜ੍ਹਾ ਕਰਨ 'ਚ ਜ਼ੋਰ ਲਗਾ ਦੇਣਗੇ, ਪਰ ਇੱਥੇ ਗੱਲ ਸਮਾਜ ਭਲਾਈ ਦੀ ਹੋਵੇਗੀ ਨਾ ਕਿ ਧੜੇਬਾਜ਼ੀ। ਉਨ੍ਹਾਂ ਇਸ ਦਰਮਿਆਨ ਇਹ ਵੀ ਕਿਹਾ ਕਿ ਕੁਰਸੀਆਂ ਅਤੇ ਅਹੁਦੇ ਲੈਣ ਵੇਲੇ ਤਾਂ ਹਾਈਕਮਾਂਡ ਦੀ ਮੰਨੀ ਜਾਂਦੀ ਹੈ ਪਾਰ ਜਦੋਂ ਦੇਸ਼ ਹਿੱਤ 'ਚ ਹਾਈਕਮਾਂਡ ਕੋਈ ਫੈਸਲਾ ਲਵੇ ਤਾਂ ਉਹ ਲੋਕ ਰਾਜ਼ੀ ਨਹੀਂ ਹੁੰਦੇ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਕੁਝ ਸੀਨੀਅਰ ਆਗੂ ਕੌਮੀ ਪੱਧਰ 'ਤੇ ਆਮ ਆਦਮੀ ਪਾਰਟੀ ਨਾਲ ਇੰਡੀਆ ਗਠਜੋੜ ਦੇ ਮੁੱਦੇ ਦੇ ਵਿਰੋਧ 'ਚ ਹਨ। ਜਿਸ ਨੂੰ ਮੁੱਖ ਰੱਖਦਿਆਂ ਸਿੱਧੂ ਵੱਲੋਂ ਉਨ੍ਹਾਂ ਆਗੂਆਂ 'ਤੇ ਨਿਸ਼ਾਨਾ ਸਾਧਿਆ ਗਿਆ ਹੈ। 

ਇਸ ਦਰਮਿਆਨ ਜਾਂਦੇ ਜਾਂਦੇ ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ ਜੋ ਲੋਕ ਆਪਣੇ ਪਰਿਵਾਰ ਨੂੰ ਨਹੀਂ ਸਾਂਭ ਪਾ ਰਹੇ ਉਹ ਪੰਜਾਬ ਨੂੰ ਕੀ ਸਾਂਭਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੁਨੇਹਾ ਕਈਆਂ ਲਈ ਹੈ। ਹੁਣ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਸਿੱਧੂ ਦਾ ਇਹ ਨਿਸ਼ਾਨਾ ਹਾਲ ਹੀ 'ਚ CM ਭਗਵੰਤ ਮਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਅਤੇ ਬੇਟੀ ਨਾਲ ਛਿੜੇ ਵਿਵਾਦ ਮਗਰੋਂ ਉਨ੍ਹਾਂ 'ਤੇ ਹੀ ਸਾਧਿਆ ਗਿਆ ਹੈ।    

amaridner raja warring.jpg

ਰਾਜਾ ਵੜਿੰਗ ਨੇ ਕੀ ਕਿਹਾ?

ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਦੀ ਗ੍ਰਿਫ਼ਾਰਤੀ ਦੇ ਮੁੱਦੇ 'ਤੇ ਮੀਡੀਆ ਨੂੰ ਕਿਹਾ ਕਿ ਪੰਜਾਬ ਵਿੱਚ ਪੁਲਿਸ ਦਾ ਰਾਜ ਚੱਲ ਰਿਹਾ ਹੈ। CM ਮਾਨ ਖ਼ਿਲਾਫ਼ ਜੋ ਵੀ ਆਪਣੀ ਆਵਾਜ਼ ਚੁੱਕਦਾ ਹੈ ਉਸਨੂੰ ਜੇਲ੍ਹ ਵਿੱਚ ਠੋਕ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸੁਖਪਾਲ ਖਹਿਰਾ ਨੂੰ ਅਦਾਲਤ ਨੇ ਜ਼ਮਾਨਤ ਦੇ ਹੀ ਦਿੱਤੀ ਸੀ ਤਾਂ ਉਨ੍ਹਾਂ 'ਤੇ ਇੱਕ ਹੋਰ ਮੁਕੱਦਮਾ ਦਰਜ਼ ਕਰ ਕੇ ਉਨ੍ਹਾਂ ਨੂੰ ਫਿਰ ਤੋਂ ਜੇਲ੍ਹ ਭੇਜਣਾ ਤਾਂ ਮਾਨ ਸਰਕਾਰ ਵੱਲੋਂ ਨਿਆਂ ਪਾਲਿਕਾ ਦਾ ਮਜ਼ਾਕ ਬਣਾ ਕੇ ਰੱਖਣਾ ਹੈ।

ਪਾਰਟੀ ਦਾ ਕੋਈ ਵੀ ਆਗੂ ਕੋਈ ਵੀ ਰੈਲੀਆਂ ਕਰੇ ਇਸ ਨਾਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ਼ ਨਹੀਂ ਹੈ। ਪਰ ਜੋ ਵੀ ਕੀਤਾ ਜਾਵੇ ਪਾਰਟੀ ਦੀ ਮਰਿਆਦਾ 'ਚ ਹੀ ਰਹਿ ਕੇ ਕੀਤਾ ਜਾਵੇ ਤਾਂ ਠੀਕ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਕਈ ਆਗੂ ਇਸ ਮੁੱਦੇ 'ਤੇ ਇਤਰਾਜ਼ ਜਤਾ ਚੁੱਕੇ ਨੇ ਕਿ ਸਿੱਧੂ ਆਪਣੀਆਂ ਨਿੱਜੀ ਰੈਲੀਆਂ ਕਰ ਰਹੇ ਹਨ ਅਤੇ ਸੂਬਾ ਕਾਂਗਰਸ ਦੇ ਖ਼ਿਲਾਫ਼ ਜਾ ਕੇ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸਿੱਧੂ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਵਿਚਾਲੇ ਤਾਲਮੇਲ ਸਥਾਪਤ ਕਰਨਾ ਦੇਵੇਂਦਰ ਯਾਦਵ ਲਈ ਵੱਡੀ ਚੁਣੌਤੀ ਹੋਣ ਵਾਲਾ ਹੈ।

INDIA bloc

ਅੱਜ ਦਿੱਲੀ ਵਿੱਚ ਭਾਰਤ ਗਠਜੋੜ ਦੀ ਮੀਟਿੰਗ

ਭਾਰਤ ਗਠਜੋੜ ਦੀ ਅੱਜ ਦਿੱਲੀ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਜਿਸ 'ਚ ਦਿੱਲੀ ਅਤੇ ਪੰਜਾਬ 'ਚ ਕਾਂਗਰਸ ਅਤੇ 'ਆਪ' ਵਿਚਾਲੇ ਸੀਟਾਂ ਦੀ ਵੰਡ 'ਤੇ ਚਰਚਾ ਹੋਣ ਜਾ ਰਹੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਨਵਜੋਤ ਸਿੰਘ ਸਿੱਧੂ ਨੂੰ ਛੱਡ ਕੇ ਪੰਜਾਬ ਕਾਂਗਰਸ ਦੇ ਆਗੂ ਇਸ ਗਠਜੋੜ ਨੂੰ ਮੰਨਣ ਲਈ ਤਿਆਰ ਨਹੀਂ ਹਨ।

ਇਹ ਵੀ ਪੜ੍ਹੋ:
ਕੜਾਕੇ ਦੀ ਠੰਢ ਦੀ ਚਪੇਟ 'ਚ ਪੂਰਾ ਉੱਤਰ ਭਾਰਤ, ਜਾਣੋ ਪੰਜਾਬ ਦੇ ਮੌਸਮ ਦਾ ਹਾਲ
ਬਿਲਕਿਸ ਬਾਨੋ ਗੈਂਗਰੇਪ ਦੇ ਦੋਸ਼ੀ ਮੁੜ ਜਾਣਗੇ ਜੇਲ੍ਹ, SC ਨੇ ਪਲਟਿਆ ਗੁਜਰਾਤ ਸਰਕਾਰ ਦਾ ਫੈਸਲਾ
ਪੰਜਵੀਂ ਵਾਰ ਬੰਗਲਾਦੇਸ਼ ਦੀ ਸੱਤਾ ਸੰਭਾਲੇਗੀ ਸ਼ੇਖ ਹਸੀਨਾ, ਮੁੜ ਜੀਤੀ ਚੋਣ
ਪ੍ਰਤਾਪ ਬਾਜਵਾ ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ, ਜਾਣੋ ਕੀ ਹੈ ਮਾਮਲਾ

Related Post