ਵਾਲ ਵਾਪਿਸ ਆਉਣ ਤੱਕ ਦਸਤਾਰ ਸਜਾਉਣਗੇ ਨਵਜੋਤ ਕੌਰ ਸਿੱਧੂ; ਪਤੀ ਨੇ ਸਾਂਝੀ ਕੀਤੀ ਜਾਣਕਾਰੀ

By  Jasmeet Singh October 6th 2023 02:43 PM -- Updated: October 6th 2023 05:25 PM

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿੱਚ ਆਪਣਾ ਆਖਰੀ ਕੀਮੋਥੈਰੇਪੀ ਸੈਸ਼ਨ ਪੂਰਾ ਕੀਤਾ। ਨਵਜੋਤ ਕੌਰ ਨੂੰ ਇਸ ਸਾਲ ਮਾਰਚ ਵਿੱਚ ਸਟੇਜ-2 ਕੈਂਸਰ ਦਾ ਪਤਾ ਲੱਗਾ ਸੀ। ਜਿਸ ਮਗਰੋਂ ਹੁਣ ਸਿੱਧੂ ਨੇ ਆਪਣੀ ਪਤਨੀ ਦੀ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਚਿੱਟੇ ਰੰਗ ਦੀ ਦਸਤਾਰ ਸਜਾਈ ਹੋਈ ਹੈ। 


ਸੋਸ਼ਲ ਮੀਡੀਆ ਹੈਂਡਲ X 'ਤੇ ਆਪਣੀ ਸਰਦਾਰਨੀ ਦੀ ਤਸਵੀਰ ਸਾਂਝੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਲਿਖਿਆ, "ਉਹ ਕਹਿੰਦੀ ਹੈ ਕਿ ਹੁਣ ਤੋਂ ਜਦੋਂ ਤੱਕ ਵਾਲ ਵਾਪਿਸ ਨਹੀਂ ਆ ਜਾਉਂਦੇ ਉਦੋਂ ਤੱਕ ਉਹ ਦਸਤਾਰ ਸਜਾਵੇਗੀ; ਸਿੱਖਾਂ ਦਾ ਮਾਣ !!!"




ਨਵਜੋਤ ਸਿੰਘ ਸਿੱਧੂ ਸਮੇਂ-ਸਮੇਂ  'ਤੇ ਆਪਣੀ ਪਤਨੀ ਦੇ ਚੱਲ ਰਹੇ ਕੈਂਸਰ ਦੇ ਇਲਾਜ ਬਾਰੇ ਅਪਡੇਟ ਸਾਂਝੀ ਕਰਦੇ ਰਹੇ ਹਨ। ਕਾਂਗਰਸੀ ਆਗੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਇਸ ਸਾਲ ਮਾਰਚ ਵਿੱਚ ਸਟੇਜ 2 ਇਨਵੈਸਿਵ ਕੈਂਸਰ ਦਾ ਪਤਾ ਲੱਗਾ ਸੀ। ਉਨ੍ਹਾਂ ਦੇ ਉਦੋਂ ਤੋਂ ਕੀਮੋਥੈਰੇਪੀ ਸੈਸ਼ਨ ਚੱਲ ਰਹੇ ਸਨ।

ਨਵਜੋਤ ਕੌਰ ਸਿੱਧੂ ਦਾ ਹਰਿਆਣਾ ਦੇ ਯਮੁਨਾਨਗਰ ਦੇ ਵਰਿਆਮ ਸਿੰਘ ਹਸਪਤਾਲ ਵਿੱਚ ਡਾਕਟਰ ਰੁਪਿੰਦਰ ਬੱਤਰਾ ਦੀ ਦੇਖਭਾਲ ਅਧੀਨ ਇਲਾਜ ਚੱਲ ਰਿਹਾ ਹੈ।


ਦੂਜੇ ਪਾਸੇ 34 ਸਾਲ ਪੁਰਾਣੇ ਰੋਡ ਰੇਜ ਕਾਂਡ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 10 ਮਹੀਨਿਆਂ ਤੱਕ ਜੇਲ੍ਹ ਦੀ ਸਜ਼ਾ ਪੂਰੀ ਕਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਫਰਵਰੀ 2022 ਵਿੱਚ ਪੰਜਾਬ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਸੀ। 

ਇਸ ਤੋਂ ਬਾਅਦ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ: 
ਉੱਠਿਆ ਸ਼੍ਰੀਦੇਵੀ ਦੀ ਮੌਤ ਤੋਂ ਪਰਦਾ, ਪਤੀ ਬੋਨੀ ਕਪੂਰ ਨੇ ਖੋਲ੍ਹੀਆਂ ਰਹੱਸਮਈ ਪਰਤਾਂ

Related Post