ਨਾਇਬ ਤਹਿਸੀਲਦਾਰ ਭਰਤੀ ਘੁਟਾਲਾ: ਦੂਜੀ ਪੁਜੀਸ਼ਨ ਹਾਸਲ ਕਰਨ ਵਾਲੇ ਨੌਜਵਾਨ ਸਮੇਤ ਦੋ ਗ੍ਰਿਫ਼ਤਾਰ
ਪਟਿਆਲਾ : ਪਟਿਆਲਾ ਪੁਲਿਸ ਨੇ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਵਿੱਚ ਦੂਜੀ ਪੁਜ਼ੀਸ਼ਨ ਉਤੇ ਆਏ ਵਿਅਕਤੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਇਸ ਦੀ ਪਛਾਣ ਬਲਰਾਜ ਸਿੰਘ ਵਜੋਂ ਹੋਈ ਹੈ। ਬਲਰਾਜ ਸਿੰਘ ਨੇ ਇਮਤਿਹਾਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ, ਜਿਸ ਦੇ ਨਤੀਜੇ ਅਕਤੂਬਰ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦੁਆਰਾ ਘੋਸ਼ਿਤ ਕੀਤੇ ਗਏ ਸਨ। ਦੂਜਾ ਗ੍ਰਿਫ਼ਤਾਰ ਵਿਅਕਤੀ ਵਰਿੰਦਰਪਾਲ ਚੌਧਰੀ ਹੈ, ਜੋ ਮੈਰਿਟ ਸੂਚੀ ਵਿੱਚ 21ਵੇਂ ਸਥਾਨ ਉਤੇ ਆਇਆ ਸੀ। ਬਲਰਾਜ ਇਸ ਤੋਂ ਪਹਿਲਾਂ PPSC ਵੱਲੋਂ ਕਰਵਾਈਆਂ ਗਈਆਂ ਦੋ ਪ੍ਰੀਖਿਆਵਾਂ ਵਿੱਚ ਅਸਫਲ ਰਿਹਾ ਸੀ। ਸੂਤਰਾਂ ਅਨੁਸਾਰ, "ਪੁੱਛਗਿੱਛ ਦੌਰਾਨ, ਉਸਨੇ ਕਬੂਲ ਕੀਤਾ ਕਿ ਉਸਨੇ ਹਰਿਆਣਾ ਅਧਾਰਤ ਰੈਕੇਟ ਦੁਆਰਾ ਨੌਕਰੀ ਪ੍ਰਾਪਤ ਕਰਨ ਲਈ ਸੌਦਾ ਕੀਤਾ ਸੀ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪਟਿਆਲਾ ਦੇ ਪਿੰਡ ਡੇਦਨਾ ਦੇ ਨਵਰਾਜ ਚੌਧਰੀ ਤੇ ਗੁਰਪ੍ਰੀਤ ਸਿੰਘ, ਪਟਿਆਲਾ ਦੇ ਪਿੰਡ ਭੁੱਲਾਂ ਦੇ ਜਤਿੰਦਰ ਸਿੰਘ, ਹਰਿਆਣਾ ਦੇ ਪਿੰਡ ਰਮਾਣਾ-ਰਾਮਾਣੀ ਦੇ ਸੋਨੂੰ ਕੁਮਾਰ ਅਤੇ ਹਰਿਆਣਾ ਦੇ ਪਿੰਡ ਨਛੜ ਖੇੜਾ, ਜੀਂਦ ਦੇ ਵਰਜਿੰਦਰ ਸਿੰਘ ਨਾਮਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਉਮੀਦਵਾਰਾਂ ਨੂੰ GSM ਉਪਕਰਣ ਪ੍ਰਦਾਨ ਕਰਦੇ ਸਨ, ਜਿਸ ਵਿੱਚ ਸਿਮ ਕਾਰਡ ਪਾਏ ਜਾਂਦੇ ਸਨ ਅਤੇ ਸਹਿਜ ਕੁਨੈਕਟੀਵਿਟੀ ਲਈ ਬਹੁਤ ਛੋਟੇ ਬਲੂਟੁੱਥ ਈਅਰ ਬਡ ਹੁੰਦੇ ਸਨ। ਇਸ ਮਗਰੋਂ ਕੁਝ ਕੋਡ ਰੱਖੇ ਗਏ ਸਨ ਤੇ ਇਸ ਘਪਲੇ ਨੂੰ ਅੰਜਾਮ ਦਿੱਤਾ ਗਿਆ।
ਰਿਪੋਰਟ-ਗਗਨਦੀਪ ਆਹੂਜਾ
ਇਹ ਵੀ ਪੜ੍ਹੋ : ਬੰਦੂਕ-ਸੱਭਿਆਚਾਰ ਨੂੰ ਠੱਲ੍ਹ ਪਾਉਣ ਸਬੰਧੀ ਸੂਬੇ 'ਚ ਮੌਜੂਦਾ ਅਸਲਾ ਲਾਇਸੰਸਾਂ ਦਾ ਜਾਇਜ਼ਾ ਲੈਣ ਸਬੰਧੀ ਹੁਕਮ ਜਾਰੀ