Naib Tehsildar Jail : ਰਿਸ਼ਵਤ ਦੇ ਸੱਤ ਸਾਲ ਪੁਰਾਣੇ ਕੇਸ 'ਚ ਨਾਇਬ ਤਹਿਸੀਲਦਾਰ ਨੂੰ 5 ਸਾਲ ਦੀ ਕੈਦ
ਬਠਿੰਡਾ : ਕਰੀਬ ਸੱਤ ਸਾਲ ਪੁਰਾਣੇ ਰਿਸ਼ਵਤ ਦੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਬਠਿੰਡਾ ਦੀ ਸਪੈਸ਼ਲ ਕੋਰਟ ਦੇ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਮਾਲ ਵਿਭਾਗ ਦੇ ਇਕ ਨਾਇਬ ਤਹਿਸੀਲਦਾਰ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ 50 ਹਜ਼ਾਰ ਜੁਰਮਾਨਾ ਵੀ ਕੀਤਾ ਗਿਆ ਹੈ, ਜਿਸਨੂੰ ਅਦਾ ਨਾ ਕਾਰਨ ਦੀ ਸੂਰਤ ਵਿਚ ਹੋਰ ਸਜ਼ਾ ਕੱਟਣੀ ਪਏਗੀ।
ਮਿਲੀ ਸੂਚਨਾ ਮੁਤਾਬਕ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਦੇ ਕਿਸਾਨ ਇਕਬਾਲ ਸਿੰਘ ਦੀ ਜ਼ਮੀਨ ਦਾ ਇੰਤਕਾਲ ਸੀ, ਜਿਸ ਨੂੰ ਕਰਨ ਬਦਲੇ ਤਤਕਾਲੀ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਜੋ ਕਿ ਉਸ ਸਮੇਂ ਸੰਗਤ ਵਿਖੇ ਤਾਇਨਾਤ ਸੀ, ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਕਿਸਾਨ ਮੁਤਾਬਕ ਜਮੀਨ ਦਾ ਰਿਕਾਰਡ ਠੀਕ ਸੀ ਤੇ ਇਸਦੇ ਬਾਵਜੂਦ ਤਹਿਸੀਲਦਾਰ ਵਲੋਂ ਰਿਸ਼ਵਤ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਵੱਲੋਂ ਦਸ ਹਜ਼ਾਰ ਰੁਪਏ ਦੇ ਦਿੱਤੇ ਗਏ ਪ੍ਰੰਤੂ ਇਸ ਮਾਲ ਅਧਿਕਾਰੀ ਨੇ ਫ਼ਿਰ ਵੀ ਉਸਦੇ ਕਾਗਜ਼ ਕਲੀਅਰ ਨਹੀਂ ਕੀਤੇ, ਜਿਸ ਕਾਰਨ ਪੀੜਤ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ। ਵਿਜੀਲੈਂਸ ਦੀਆਂ ਹਦਾਇਤਾਂ ਮੁਤਾਬਕ ਕਿਸਾਨ ਵੱਲੋਂ ਦੂਜੀ ਕਿਸ਼ਤ ਵਜੋਂ ਦਿੱਤੇ ਜਾ ਰਹੇ 40 ਹਜ਼ਾਰ ਰੁਪਏ ਲੈਂਦੇ ਹੋਏ ਨਾਇਬ ਤਹਿਸੀਲਦਾਰ ਨੂੰ ਮੌਕੇ ਉਪਰ ਰੰਗੇ ਹੱਥੀ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : breach in the canal : ਰਜਵਾਹੇ 'ਚ ਪਾੜ ਪੈਣ ਨਾਲ 400 ਏਕੜ ਕਣਕ ਡੁੱਬੀ
ਵਿਜੀਲੈਂਸ ਦੀ ਟੀਮ ਨੇ ਉਕਤ ਅਧਿਕਾਰੀ ਵਿਰੁਧ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਸੀ। ਅਦਾਲਤ ਵਿਚ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋ ਦਿਨ ਪਹਿਲਾਂ ਜੱਜ ਨੇ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦਾ ਫੈਸਲਾ ਅੱਜ ਉਤੇ ਰਾਖਵਾਂ ਰੱਖ ਲਿਆ ਸੀ। ਅੱਜ ਇਸ ਕੇਸ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਸੁਭਾਸ਼ ਮਿੱਤਲ ਨੂੰ ਸੈਕਸ਼ਨ 7 ਭ੍ਰਿਸਟਾਚਾਰ ਰੋਕੂ ਐਕਟ 1988 ਤਹਿਤ 5 ਸਾਲ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਤੇ ਸੈਕਸ਼ਨ 13 ਤਹਿਤ ਵੀ 5 ਸਾਲ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।