Myanmar Earthquake Death Toll : ਭੂਚਾਲ ਚ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਹੋਈ ਪਾਰ, 1700 ਤੋਂ ਵੱਧ ਲੋਕ ਜ਼ਖ਼ਮੀ, ਹੋਰ ਵੱਧ ਸਕਦੇ ਹਨ ਅੰਕੜੇ
Myanmar and Thailand Earthquake : ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਦੇ ਨਾਲ ਹੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਭੂਚਾਲ ਦਾ ਕੇਂਦਰ ਮਿਆਂਮਾਰ ਦੀ ਰਾਜਧਾਨੀ ਨਏਪੀਤਾਵ ਤੋਂ ਕਰੀਬ 250 ਕਿਲੋਮੀਟਰ ਦੂਰ ਸਾਗਾਇੰਗ ਸ਼ਹਿਰ ਨੇੜੇ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਹੇਠਾਂ ਸੀ।

Earthquake Death : ਮਿਆਂਮਾਰ ਅਤੇ ਬੈਂਕਾਕ ਵਿਚ ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਕੱਲੇ ਮਿਆਂਮਾਰ 'ਚ 1000 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। 1700 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਦੇ ਨਾਲ ਹੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਭੂਚਾਲ ਦਾ ਕੇਂਦਰ ਮਿਆਂਮਾਰ ਦੀ ਰਾਜਧਾਨੀ ਨਏਪੀਤਾਵ ਤੋਂ ਕਰੀਬ 250 ਕਿਲੋਮੀਟਰ ਦੂਰ ਸਾਗਾਇੰਗ ਸ਼ਹਿਰ ਨੇੜੇ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਹੇਠਾਂ ਸੀ।
ਅਜੇ ਵੀ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
ਸਰਕਾਰੀ ਪ੍ਰਸਾਰਕ ਐਮਆਰਟੀਵੀ ਦੇ ਅਨੁਸਾਰ, ਇਸ ਵਿੱਚ ਰਾਜਧਾਨੀ ਨਏਪੀਤਾਵ ਦੇ ਇੱਕ ਹਸਪਤਾਲ ਵਿੱਚ ਹੋਈਆਂ ਮੌਤਾਂ ਵੀ ਸ਼ਾਮਲ ਹਨ। ਇਸ ਇਲਾਕੇ ਵਿਚ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਇੱਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਭੂਚਾਲ ਕਾਰਨ ਮਾਂਡਲੇ ਵਿੱਚ ਇੱਕ ਮਸਜਿਦ ਢਹਿ ਗਈ, ਜਿਸ ਦੌਰਾਨ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ। ਇਸੇ ਸ਼ਹਿਰ ਵਿੱਚ ਇੱਕ ਯੂਨੀਵਰਸਿਟੀ ਦੀ ਇਮਾਰਤ ਨੂੰ ਵੀ ਅੱਗ ਲੱਗ ਗਈ ਸੀ।
ਭੂਚਾਲ ਨਾਲ ਥਾਈਲੈਂਡ ਦੇ ਬੈਂਕਾਕ ਵਿਚ ਵੀ ਇਮਾਰਤਾਂ ਢਹਿ ਢੇਰੀ ਹੋ ਗਈਆਂ। ਪੁਲਿਸ ਅਤੇ ਡਾਕਟਰਾਂ ਨੇ ਦੱਸਿਆ ਕਿ ਬੈਂਕਾਕ ਵਿੱਚ ਉਸਾਰੀ ਅਧੀਨ ਇੱਕ 30 ਮੰਜ਼ਿਲਾ ਇਮਾਰਤ ਢਹਿ ਗਈ, ਜਿਸ ਨਾਲ ਉੱਥੇ 43 ਮਜ਼ਦੂਰ ਫਸ ਗਏ।
ਮੌਤਾਂ ਦਾ ਅੰਕੜਾ 10 ਹਜ਼ਾਰ ਤੋਂ ਪਾਰ ਹੋਣ ਦਾ ਖਦਸ਼ਾ
ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਮਿਆਂਮਾਰ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋ ਸਕਦੀ ਹੈ। ਮਿਆਂਮਾਰ ਅਤੇ ਬੈਂਕਾਕ ਵਿੱਚ ਭੂਚਾਲ ਕਾਰਨ ਹੋਏ ਨੁਕਸਾਨ ਦੇ ਬਾਰੇ ਵਿੱਚ ਅਧਿਕਾਰਤ ਅੰਕੜੇ ਅਜੇ ਸਾਹਮਣੇ ਨਹੀਂ ਆਏ ਹਨ। ਪਰ ਕਈ ਇਮਾਰਤਾਂ ਦੇ ਜ਼ਮੀਨ 'ਤੇ ਢਹਿ ਜਾਣ ਦੇ ਵੀਡੀਓ ਸਾਹਮਣੇ ਆਏ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੁਕਸਾਨ ਵੀ ਬਹੁਤ ਹੋਇਆ ਹੈ।
ਮਿਆਂਮਾਰ 'ਚ ਇੰਟਰਨੈਟ ਸੇਵਾ ਬੰਦ
ਭੂਚਾਲ ਤੋਂ ਬਾਅਦ ਮਿਆਂਮਾਰ ਨੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਜਿਸ ਕਾਰਨ ਕਈ ਇਲਾਕਿਆਂ ਵਿੱਚ ਭੂਚਾਲ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ। "ਦਿ ਗਲੋਬਲ ਨਿਊ ਲਾਈਟ ਆਫ ਮਿਆਂਮਾਰ" ਨਾਮ ਦੇ ਇੱਕ ਸਰਕਾਰੀ ਅਖਬਾਰ ਮੁਤਾਬਕ ਕਈ ਇਮਾਰਤਾਂ ਅਤੇ ਪੁਲ ਢਹਿ ਗਏ।
ਭਾਰਤ ਵੱਲੋਂ ਹਰ ਸੰਭਵ ਸਹਾਇਤਾ ਦਾ ਐਲਾਨ
ਮਿਆਂਮਾਰ ਅਤੇ ਥਾਈਲੈਂਡ ਵਿਚ ਆਏ ਜ਼ਬਰਦਸਤ ਭੂਚਾਲ ਕਾਰਨ ਪੈਦਾ ਹੋਈ ਸਥਿਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਦੇਸ਼ਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਭਾਰਤ ਸ਼ਨੀਵਾਰ ਨੂੰ ਮਿਆਂਮਾਰ ਨੂੰ ਕਰੀਬ 15 ਟਨ ਰਾਹਤ ਸਮੱਗਰੀ ਭੇਜਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਹ ਸਮੱਗਰੀ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਰਾਹੀਂ ਭੇਜੀ ਜਾਵੇਗੀ। ਇਸ ਵਿੱਚ ਟੈਂਟ, ਸਲੀਪਿੰਗ ਬੈਗ, ਜਨਰੇਟਰ ਸੈੱਟ, ਕੰਬਲ, ਭੋਜਨ, ਵਾਟਰ ਪਿਊਰੀਫਾਇਰ, ਸੋਲਰ ਲੈਂਪ ਅਤੇ ਦਵਾਈਆਂ ਸ਼ਾਮਲ ਹਨ।