ਗੋਰਖਨਾਥ ਮੰਦਰ 'ਤੇ ਹਮਲੇ ਦੇ ਦੋਸ਼ੀ ਮੁਰਤਜ਼ਾ ਅੱਬਾਸ ਨੂੰ ਮੌਤ ਦੀ ਸਜ਼ਾ, NIA ਕੋਰਟ ਨੇ ਸੁਣਾਇਆ ਫੈਸਲਾ
ਨਵੀਂ ਦਿੱਲੀ: ਗੋਰਖਪੁਰ ਦੇ ਗੋਰਖਨਾਥ ਮੰਦਰ 'ਤੇ ਹਮਲਾ ਕਰਨ ਵਾਲੇ ਮੁਰਤਜ਼ਾ ਅੱਬਾਸ ਖਿਲਾਫ NIA ਅਦਾਲਤ ਨੇ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਅਦਾਲਤ ਨੇ ਮੁਰਤਜ਼ਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ ਮੁਰਤਜ਼ਾ 'ਤੇ ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਅੱਤਵਾਦੀ ਮੰਨਿਆ ਜਾਂਦਾ ਸੀ। ਅੱਤਵਾਦੀ ਮੁਰਤਜ਼ਾ ਅੱਬਾਸ ਨੂੰ ਸੋਮਵਾਰ ਨੂੰ ਸੁਣਵਾਈ ਲਈ ਸਖ਼ਤ ਸੁਰੱਖਿਆ ਹੇਠ ਲਖਨਊ ਦੀ ਐਨਆਈਏ/ਏਟੀਐਸ ਅਦਾਲਤ ਵਿੱਚ ਲਿਆਂਦਾ ਗਿਆ। ਇਸ ਨੇ ਅਪ੍ਰੈਲ 2022 'ਚ ਗੋਰਖਨਾਥ ਮੰਦਰ 'ਤੇ ਹਮਲਾ ਕੀਤਾ ਸੀ।
60 ਦਿਨਾਂ ਦੀ ਸੁਣਵਾਈ ਤੋਂ ਬਾਅਦ ਸਜ਼ਾ ਦਾ ਐਲਾਨ
ਸਜ਼ਾ ਦੇ ਐਲਾਨ ਤੋਂ ਬਾਅਦ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਕਿਹਾ, ਲਗਾਤਾਰ 60 ਦਿਨਾਂ ਤੱਕ ਰਿਕਾਰਡ ਸੁਣਵਾਈ ਤੋਂ ਬਾਅਦ ਅੱਜ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਧਾਰਾ 121 ਆਈਪੀਸੀ ਤਹਿਤ ਮੌਤ ਦੀ ਸਜ਼ਾ ਅਤੇ 307 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੋ ਕਿ ਪੁਲੀਸ ’ਤੇ ਹਮਲਾ ਸੀ। ਏਡੀਜੀ ਨੇ ਕਿਹਾ, ਅਦਾਲਤ ਦੇ ਸਾਹਮਣੇ ਸਾਰੇ ਸਬੂਤ ਚੰਗੀ ਤਰ੍ਹਾਂ ਪੇਸ਼ ਕੀਤੇ ਗਏ, ਅਦਾਲਤ ਨੇ ਸਬੂਤਾਂ ਨੂੰ ਸਹੀ ਮੰਨਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਦੀ ਜਾਂਚ ਸਹੀ ਸੀ। ਯੂਪੀ ਪੁਲਿਸ ਵੱਲੋਂ ਦੇਸ਼ ਵਿਰੁੱਧ ਰਚੀ ਗਈ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ।
ਅਪ੍ਰੈਲ 2022 'ਚ ਹੋਇਆ ਸੀ ਹਮਲਾ
ਇਹ ਹਮਲਾ ਅਪ੍ਰੈਲ 2022 'ਚ ਹੋਇਆ ਸੀ।ਜਾਂਚ 'ਚ ਸਾਹਮਣੇ ਆਇਆ ਹੈ ਕਿ ਗੋਰਖਪੁਰ 'ਚ ਗੋਰਖਨਾਥ ਮੰਦਰ ਨੇੜੇ ਫੌਜੀਆਂ 'ਤੇ ਹਮਲੇ ਦੇ ਮਾਮਲੇ ਦਾ ਹਮਲਾਵਰ ਵੀ ਨੇਪਾਲ ਗਿਆ ਸੀ। ਪੁਲਿਸ ਨੂੰ ਉਸ ਕੋਲੋਂ ਕਈ ਸ਼ੱਕੀ ਦਸਤਾਵੇਜ਼ ਵੀ ਮਿਲੇ ਹਨ। ਦਰਅਸਲ ਗੋਰਖਨਾਥ ਪੀਠ 'ਚ ਅਹਿਮਦ ਮੁਰਤਜ਼ਾ ਅੱਬਾਸ ਨਾਂ ਦੇ ਵਿਅਕਤੀ ਨੇ ਹਥਿਆਰ ਲਹਿਰਾਇਆ ਸੀ, ਇਸ ਨੇ ਹਲਚਲ ਮਚਾ ਦਿੱਤੀ ਸੀ। ਉਸ ਨੇ ਪੁਲੀਸ ਮੁਲਾਜ਼ਮਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਮੰਦਰ ਨੇੜੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।