IPL 2024 ਦੀ ਮੇਜ਼ਬਾਨੀ ਲਈ ਤਿਆਰ ਪੰਜਾਬ ਦਾ ਨਵਾਂ ਸਟੇਡੀਅਮ, ਪੰਜਾਬ ਕਿੰਗਜ਼ ਦੇ ਮੈਚ ਨਾਲ ਹੋਵੇਗੀ ਸ਼ੁਰੂਆਤ

IPL 2024 Season 17th: ਦੁਨੀਆ ਦੀ ਸਭ ਤੋਂ ਅਮੀਰ ਅਤੇ ਵੱਡੀ ਲੀਗ ਇੰਡੀਅਨ ਪ੍ਰੀਮੀਅਰ ਲੀਗ 17ਵੇਂ ਸੀਜ਼ਨ ਦਾ ਆਗਾਜ਼ 22 ਤਰੀਕ ਤੋਂ ਹੋਣ ਜਾ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਆਈਪੀਐਲ ਪੜਾਅਵਾਰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਬੀਸੀਸੀਆਈ ਵੱਲੋਂ ਪਹਿਲਾ ਫੇਜ ਜਾਰੀ ਕੀਤਾ ਹੋਇਆ ਹੈ ਅਤੇ ਇਸ ਤਹਿਤ ਪਹਿਲਾਂ 7 ਅਪ੍ਰੈਲ ਤੱਕ 21 ਮੈਚ ਕਰਵਾਏ ਜਾਣਗੇ। ਆਈਪੀਐਲ 'ਚ ਇਸ ਵਾਰ ਪੰਜਾਬ ਲਈ ਦੋਹਰੀ ਖੁਸ਼ੀ ਦੀ ਗੱਲ ਸਾਹਮਣੇ ਆਈ ਹੈ। ਇਸ ਵਾਰ ਪੰਜਾਬ ਨੂੰ ਆਈਪੀਐਲ 'ਚ ਨਵਾਂ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਦੇ ਰੂਪ 'ਚ ਮਿਲਣ ਜਾ ਰਿਹਾ ਹੈ। ਹਾਲਾਂਕਿ ਇਸ ਸਟੇਡੀਅਮ ਵਿੱਚ ਆਈਪੀਐਲ (Indian Premier League) ਦੇ ਪਹਿਲੇ ਫੇਜ ਤਹਿਤ ਇੱਕ ਹੀ ਮੈਚ ਖੇਡਿਆ ਜਾਵੇਗਾ, ਪਰ ਦੂਜੇ ਫੇਜ 'ਚ ਹੋਰ ਮੈਚ ਮਿਲਣ ਦੀ ਉਮੀਦ ਵੀ ਹੈ।
ਪੰਜਾਬ ਕਿੰਗਜ਼ ਦੇ ਮੈਚ ਨਾਲ ਹੋਵੇਗਾ ਸਟੇਡੀਅਮ ਦਾ ਆਗਾਜ਼
ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ (Mullanpur Stadium) 'ਚ ਸਥਿਤ ਇਹ ਸਟੇਡੀਅਮ, ਮੋਹਾਲੀ ਕ੍ਰਿਕਟ ਸਟੇਡੀਅਮ (PCA) ਦੀ ਥਾਂ ਲੈਣ ਜਾ ਰਿਹਾ ਹੈ, ਜਿਸ ਨੂੰ ਬੀਸੀਸੀਆਈ ਨੇ ਵੀ ਮਨਜੂਰੀ ਦਿੱਤੀ ਹੋਈ ਹੈ। ਸਟੇਡੀਅਮ ਦੀ ਸ਼ੁਰੂਆਤ ਆਈਪੀਐਲ ਦੇ ਦੂਜੇ ਮੈਚ ਨਾਲ ਹੋਵੇਗੀ, ਜਿਸ ਵਿੱਚ ਵੱਡੀ ਗੱਲ ਇਹ ਹੋਵੇਗੀ ਕਿ ਇਸ ਸਟੇਡੀਅਮ ਦੀ ਸ਼ੁਰੂਆਤ ਵੀ ਪੰਜਾਬ ਦੀ ਟੀਮ ਦੇ ਮੈਚ ਨਾਲ ਹੋਵੇਗੀ, ਜੋ ਕਿ 23 ਮਾਰਚ ਨੂੰ ਪੰਜਾਬ ਕਿੰਗਜ਼ ਇਲੈਵਨ ਅਤੇ ਦਿੱਲੀ ਕੈਪੀਟਲ (PBKS vs DC) ਦੀ ਟੀਮ ਵਿਚਕਾਰ ਹੋਵੇਗਾ।
ਮਹਾਰਾਜਾ ਯਾਦਵਿੰਦਰਾ ਸਿੰਘ ਦੇ ਨਾਂ 'ਤੇ ਹੈ ਸਟੇਡੀਅਮ
ਮੁੱਲਾਂਪੁਰ ਸਟੇਡੀਅਮ ਦਾ ਨਾਂ ਮਹਾਰਾਜਾ ਯਾਦਵਿੰਦਰਾ ਸਿੰਘ ਦੇ ਨਾਂ 'ਤੇ ਦਿੱਤਾ ਗਿਆ ਹੈ, ਜਿਸ ਦਾ ਨਿਰਮਾਣ 2008 ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ ਇਹ ਪੂਰੀ ਤਰ੍ਹਾਂ ਤਿਆਰ ਹੋ ਕੇ ਕ੍ਰਿਕਟ ਦੀਆਂ ਸਾਰੀਆਂ ਸ਼੍ਰੇਣੀਆਂ ਆਈਪੀਐਲ, ਵਨਡੇ ਅਤੇ ਟੈਸਟ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ।
ਇਨ੍ਹਾਂ ਸਹੂਲਤਾਂ ਨਾਲ ਲੈਸ ਹੈ ਸਟੇਡੀਅਮ
ਪੰਜਾਬ ਦਾ ਇਹ ਨਵਾਂ ਸਟੇਡੀਅਮ ਆਧੁਨਿਕ ਸਹੂਲਤਾਂ ਨਾਲ ਲੈਸ ਉੱਚ-ਪੱਧਰੀ ਬੁਨਿਆਦੀ ਢਾਂਚਾ ਹੈ, ਜਿਸ ਵਿੱਚ 33,000 ਦਰਸ਼ਕਾਂ ਦੇ ਬੈਠਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਸਟੇਡੀਅਮ 'ਚ ਇੱਕ ਵਧੀਆ ਹੈਰਿੰਗਬੋਨ ਡਰੇਨੇਜ ਸਿਸਟਮ ਹੈ, ਜੋ ਮੀਂਹ ਤੋਂ ਬਾਅਦ 25-30 ਮਿੰਟਾਂ ਵਿੱਚ ਪਾਣੀ ਨੂੰ ਕੱਢਣ ਦੀ ਸਮਰੱਥਾ ਰੱਖਦਾ ਹੈ। ਨਾਲ ਹੀ ਇਸ ਵਿੱਚ ਇੱਕ ਵਿਸ਼ਵ ਪੱਧਰੀ ਜਿੰਮ ਦੇ ਨਾਲ, ਭਾਫ਼, ਸੌਣ ਅਤੇ ਆਈਸ ਬਾਥ ਦੀਆਂ ਸਹੂਲਤਾਂ ਵਾਲੇ ਦੋ ਅੰਤਰਰਾਸ਼ਟਰੀ-ਦਰਜੇ ਦੇ ਡਰੈਸਿੰਗ ਰੂਮਾਂ ਦਾ ਵੀ ਨਿਰਮਾਣ ਕੀਤਾ ਗਿਆ ਹੈ।
ਦੱਸ ਦਈਏ ਕਿ ਪਹਿਲੇ ਫੇਜ ਤਹਿਤ 2 ਮਹੀਨੇ ਚੱਲਣ ਵਾਲੇ ਆਈਪੀਐਲ 'ਚ 10 ਟੀਮਾਂ ਭਿੜਨਗੀਆਂ, ਜਿਸ ਦਾ ਆਗਾਜ਼ ਚੇਨਈ ਸੁਪਰ ਕਿੰਗਜ਼ ਅਤੇ ਰੋਇਲ ਚੈਲੰਜ਼ਰ ਬੰਗਲੌਰ ਦੇ ਮੈਚ ਨਾਲ ਹੋਵੇਗਾ।